ਅਬੋਹਰ ਦੇ ਕੱਲਰਖੇੜਾ ਵਿਚ 46 ਮਕਾਨ ਤੋੜਨ ਦੇ ਵਿਰੋਧ ਵਿਚ ਨੈਸ਼ਨਲ ਹਾਈਵੇ ਤੇ ਧਰਨਾ

-ਕਿਸਾਨ ਯੂਨੀਅਨ ਅਤੇ ਪਿੰਡ ਦੇ ਲੋਕਾਂ ਨੇ ਕੀਤਾ ਦੋ ਘੰਟੇ ਜਾਮ
ਅਬੋਹਰ, 1 ਮਈ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੋਕਾਂ ਵਲੋਂ ਕੱਲਰਖੇੜਾ ਵਿਚ ਕਰੀਬ 46 ਮਕਾਨ ਤੋੜਨ ਦੇ ਵਿਰੋਧ ਵਿਚ ਸੋਮਵਾਰ ਨੂੰ ਅਬੋਹਰ-ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਜਿਸ ਕਾਰਨ ਅਬੋਹਰ-ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅਬੋਹਰ-ਸ੍ਰੀਗੰਗਾਨਗਰ ਨੈਸ਼ਨਲ ਹਾਈਵੇ ਤੇ ਪਿੰਡ ਕੱਲਰ ਖੇੜਾ ਵਿਚ ਧਰਨਾ ਲਾ ਕੇ ਬੈਠੇ ਕਿਸਾਨ ਯੂਨੀਅਨ ਅਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪਿੰਡ ਕਲੱਰ ਖੇੜਾ ਵਿਚ ਪੰਚਾਇਤੀ ਜ਼ਮੀਨ ਤੇ ਬਣੇ ਕਰੀਬ 46 ਘਰਾਂ ਨੂੰ ਤੋੜਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਦੇ ਵਿਰੋਧ ਵਿਚ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦੁਆਰਾ ਪਿੰਡਾਂ ਦੇ ਸਾਥ ਸੋਮਵਾਰ ਨੂੰ ਸਵੇਰੇ 10 ਤੋਂ 12 ਵਜ਼ੇ ਤੱਕ ਦਾ 2 ਘੰਟੇ ਦਾ ਸੰਕੇਤਿਕ ਧਰਨਾ ਲਗਾਇਆ ਗਿਆ।
ਧਰਨੇ ਤੇ ਬੈਠੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਪਿੰਡਾਂ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਇੰਨ੍ਹਾਂ 46 ਘਰਾਂ ਨੂੰ ਤੋੜਿਆ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਦੂਜੇ ਪਾਸੇ ਨੈਸ਼ਨਲ ਹਾਈਵੇ ਤੇ ਕਿਸਾਨਾਂ ਦੁਆਰਾ ਲਗਾਏ ਗਏ ਧਰਨੇ ਕਾਰਨ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਨਾਲ ਨਾਲ ਟਰੱਕਾਂ ਦੀਆਂ ਵੀ ਵੱਡੀਆਂ ਵੱਡੀਆਂ ਲਾਈਨਾਂ ਲੱਗ ਗਈਆਂ। ਜਿਸ ਕਰਨ ਵਾਹਨ ਚਾਲਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨ ਨੇਤਾ ਸੁਖਮੰਦਰ ਸਿੰਘ , ਦਰਸ਼ਨ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ , ਬਲਵੀਰ ਸਿੰਘ, ਵਿਪਨ ਕੁਮਾਰ, ਲਵਪ੍ਰੀਤ ਸਿੰਘ , ਪੰਮਾ ਸਿੰਘ, ਵੇਦ ਕੁਮਾਰ , ਦੇਸ ਰਾਜ , ਮੋਹਨ ਫੌਜੀ, ਆਲਮਜੀਤ, ਮਹਿੰਦਰ ਕੁਮਾਰ , ਲਖਵਿੰਦਰ ਆਦਿ ਮੌਜੂਦ ਸਨ।


