ਭਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ,ਫਰੀਦਕੋਟ ਦਾ ਡੀਐਸਪੀ ਕਾਬੂ
ਫਰੀਦਕੋਟ 4 ਜੁਲਾਈ। ਭਰਿਸ਼ਟਾਚਾਰ ਖਿਲਾਫ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਖਤ ਕਾਰਵਾਈ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਡੀਐਸਪੀ ਕ੍ਰਾਈਮ ਅਗੇਂਸਟ ਵੂਮੈਨ ਰਾਜਨਪਾਲ ਨੂੰ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਅਨੁਸਾਰ ਡੀਐਸਪੀ ਖਿਲਾਫ ਭਰਿਸ਼ਟਾਚਾਰ ਦੀ ਸ਼ਿਕਾਇਤ ਐਸਐਸਪੀ ਦਫਤਰ ਵਿੱਚ ਪੈਂਡਿੰਗ ਸੀ। ਜਿਸ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਡੀਐਸਪੀ ਵੱਲੋਂ ਐਸਐਸਪੀ ਦਫਤਰ ਵਿੱਚ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਵੱਲੋਂ ਆਪਣੇ ਖਿਲਾਫ ਸ਼ਿਕਾਇਤ ਸੈਟਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ,ਜਿਸ ਕਾਰਨ ਪੁਲਿਸ ਵੱਲੋਂ ਡੀਐਸਪੀ ਖਿਲਾਫ ਭਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮੁਕਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਧਰ ਸਰਕਾਰ ਦੇ ਬੁਲਾਰੇ ਅਨੁਸਾਰ ਭਰਿਸ਼ਟਾਚਾਰ ਖਿਲਾਫ ਮਾਨ ਸਰਕਾਰ ਦੀ ਜੀਰੋ ਟੋਲਰਸ ਨੀਤੀ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਡੀਐਸਪੀ ਦੀ ਵਿਭਾਗੀ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਫਰੀਦਕੋਟ ਵਿੱਚ ਜਦੋਂ ਤੋਂ ਐਸਐਸਪੀ ਡਾਕਟਰ ਪ੍ਰਗਿਆ ਜੈਨ ਨਿਯੁਕਤ ਹੋਏ ਹਨ ਉਸ ਤੋਂ ਬਾਅਦ ਜ਼ਿਲੇ ਭਰ ਵਿੱਚ ਜਿੱਥੇ ਕ੍ਰਾਈਮ ਅਤੇ ਨਸ਼ਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ,ਉੱਥੇ ਭਰਿਸ਼ਟਾਚਾਰ ਖਿਲਾਫ ਵੀ ਜ਼ੀਰੋ ਟੋਲਰੈਂਸ ਨੀਤੀ ਜੋਰ ਫੜਨ ਲੱਗੀ ਹੈ।



