ਆਪ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਇੱਕ ਚਿੱਟ ਫੰਡ ਸਕੀਮ-ਸੁਨੀਲ ਜਾਖੜ

ਕੱਲ ਨੂੰ ਜਵਾਬਦੇਹੀ ਭਗਵੰਤ ਸਿੰਘ ਮਾਨ ਦੀ ਤੈਅ ਹੋਵੇਗੀ ਨਾ ਕਿ ਦਿੱਲੀ ਵਾਲਿਆਂ ਦੀ, ਇਹ ਗੱਲ ਯਾਦ ਰੱਖਣ ਮੁੱਖ ਮੰਤਰੀ


ਕਿਹਾ, ਲੋਕਾਂ ਨੂੰ ਚਾਰ ਗੁਣਾ ਮੁਨਾਫੇ ਦਾ ਝੂਠਾ ਲਾਲਚ ਦੇ ਕੇ ਕਿਸਾਨਾਂ ਦੀ ਜਮੀਨ ਹਥਿਆਈ ਜਾ ਰਹੀ ਹੈ


ਚੰਡੀਗੜ੍ਹ 30 ਜੂਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਲੈਂਡ ਪੁਲਿੰਗ ਪੋਲਸੀ ਨੂੰ ਇੱਕ ਚਿੱਟ ਫੰਡ ਸਕੀਮ ਦੱਸਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਚਾਰ ਗੁਣਾ ਮੁਨਾਫੇ ਦਾ ਝੂਠਾ ਲਾਲਚ ਦੇ ਕੇ ਕਿਸਾਨਾਂ ਦੀ ਜਮੀਨ ਹਥਿਆਈ ਜਾ ਰਹੀ ਹੈ।।
ਇੱਥੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਸੀ। ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਦੇ ਰਾਜਪਾਲ ਤੋਂ ਇਲਾਵਾ ਵੱਖ-ਵੱਖ ਆਗੂ ਵੀ ਹਾਜ਼ਰ ਸਨ। ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਆਖਿਆ ਕਿ ਇਹ ਸਕੀਮ ਪੰਜਾਬ ਦੀ ਲੁੱਟ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈ । ਉਨਾਂ ਕਿਹਾ ਕਿ ਸਰਕਾਰ ਦੇ ਲੋਕ ਗਲਤ ਬਿਆਨੀ ਕਰ ਰਹੇ ਹਨ ਕਿ ਕਿਸਾਨ ਤੋਂ ਉਸਦੀ ਜਮੀਨ ਖੋਹੀ ਨਹੀਂ ਜਾਵੇਗੀ ਪਰ ਜਿਸ ਜਮੀਨ ਦਾ ਨੋਟੀਫਿਕੇਸ਼ਨ ਹੋ ਗਿਆ ਉਹ ਜਮੀਨ ਤਾਂ ਹੁਣ ਕਿਸਾਨ ਵੇਚ ਵੀ ਨਹੀਂ ਸਕਦਾ। ਜਦ ਕੋਈ ਮਾਲਿਕ ਆਪਣੀ ਜਮੀਨ ਵੇਚ ਨਹੀਂ ਸਕਦਾ ਤਾਂ ਫਿਰ ਕੀ ਇਹ ਉਸ ਦੇ ਅਧਿਕਾਰਾਂ ਦਾ ਹਨਨ ਨਹੀਂ ਹੈ। ਉਨਾਂ ਨੇ ਕਿਹਾ ਕਿ ਇਹ ਇੱਕ ਚਿੱਟ ਫੰਡ ਸਕੀਮ ਵਰਗੀ ਯੋਜਨਾ ਹੈ ਜਿਸ ਦਾ ਉਦੇਸ਼ ਆਪਣੇ  ਚਹੇਤੇ ਰੀਅਲ ਅਸਟੇਟ ਦੇ ਲੋਕਾਂ ਰਾਹੀਂ ਕਮਿਸ਼ਨ ਖੋਰੀ ਕਰਨਾ ਹੈ। ਉਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਿਉਂਕਿ ਉਹ ਸੰਵਿਧਾਨਿਕ ਅਹੁਦਿਆਂ ਤੇ ਹਨ ਅਤੇ ਪੰਜਾਬ ਦੇ ਲੋਕਾਂ ਦੀ ਹੋਈ ਲੁੱਟ ਲਈ ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਹੈ ਜਦਕਿ ਜਿਹੜੇ ਲੋਕ ਉਹਨਾਂ ਤੋਂ ਇਹ ਕਾਰਾ ਕਰਵਾ ਰਹੇ ਹਨ ਉਹ ਤਾਂ ਸਰਕਾਰ ਬਦਲਦੇ ਹੀ ਬੋਰੀਆ ਬਿਸਤਰਾ ਸਮੇਟ ਕੇ ਦਿੱਲੀ ਚਲੇ ਜਾਣਗੇ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨ ਦੀ ਜਮੀਨ ਕਿਸਾਨ ਦੀ ਰਹੇ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਉਚ ਪੁਲਿਸ ਅਧਿਕਾਰੀ ਹੁੰਦੇ ਹੋਏ ਵੀ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਆ ਗਏ ਅਤੇ ਉਹ ਇਹ ਨਹੀਂ ਸਮਝ ਸਕੇ ਕਿ ਜਿਹੜੇ ਲੋਕ ਅੱਤਵਾਦੀਆਂ ਦੇ ਘਰ ਰਾਤਾਂ ਕੱਟਦੇ ਰਹੇ ਹਨ ਉਹ ਕਿਸ ਤਰ੍ਹਾਂ ਦਾ ਬਦਲਾਅ ਪੰਜਾਬ ਵਿੱਚ ਲਿਆਉਣਗੇ।
ਬਿਕਰਮ ਸਿੰਘ ਮਜੀਠੀਆ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਇਸ ਦਾ ਫੈਸਲਾ ਕੋਰਟ ਕਰੇਗਾ ਪਰ ਆਪ ਸਰਕਾਰ ਨੂੰ ਸਾਰਿਆਂ ਖਿਲਾਫ ਇੱਕ ਸਾਰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਚੁਣ ਚੁਣ ਕੇ ਕੀਤੀ ਗਈ ਕਾਰਵਾਈ ਸੰਦੇਹ ਪੈਦਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਜਿਨਾਂ ਬਾਰੇ ਖੜ ਕੇ ਕਿਹਾ ਸੀ ਕਿ ਉਹਨਾਂ ਤੇ ਪਰਚੇ ਕੀਤੇ ਜਾਣਗੇ ਅੱਜ ਉਹਨਾਂ ਖਿਲਾਫ ਕਾਰਵਾਈ ਨਾ ਹੋਣਾ ਦਰਸਾਉਂਦਾ ਹੈ ਕਿ ਜਾਂ ਤਾਂ ਪੈਰ ਫੜ ਲਏ ਗਏ ਹਨ ਜਾਂ ਪੈਸੇ ਫੜ ਲਏ ਗਏ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਹਾਲੇ ਵੀ ਵਕਤ ਹੈ ਕਿ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਆਪਣੀ ਜਵਾਬਦੇਹੀ ਸਮਝਣ। ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰੇ ਲੋਕਾਂ ਖਿਲਾਫ ਕੀਤੀ ਜਾਵੇ ਅਤੇ ਪੰਜਾਬ ਨੂੰ ਸਮਰਪਿਤ ਹੋ ਕੇ ਸਰਕਾਰ ਕੰਮ ਕਰੇ ਨਾ ਕਿ ਦਿੱਲੀ ਵਾਲਿਆਂ ਅੱਗੇ ਗੋਡੇ ਟੇਕ ਕੇ।

CATEGORIES
Share This

COMMENTS

Wordpress (0)
Disqus ( )
Translate