ਦਾਲਾਂ ਨੂੰ ਫ਼ਸਲ ਚੱਕਰ ਦਾ ਹਿੱਸਾ ਬਣਾ ਕੇ ਮਿੱਟੀ ਵਿਚ ਸੁਧਾਰ ਕਰਨ ਵਾਲੇ ਕਿਸਾਨ ਨੂੰ ਮਿਲੋ

ਪਿਛਲੇ 17 ਸਾਲਾਂ ਤੋਂ ਸੱਠੀ ਮੂੰਗੀ ਦੀ ਫ਼ਸਲ ਬੀਜ ਕੇ ਆਪਣੀ ਆਮਦਨ ’ਚ ਵਾਧਾ ਕਰ ਰਿਹਾ ਹੈ ਕਿਸਾਨ ਨਿਰਮਲ ਸਿੰਘ

ਝੋਨੇ ਦੀ ਬਾਸਮਤੀ ਤੇ ਪਛੇਤੀ ਕਿਸਮ ਲਗਾ ਕੇ ਪਾਣੀ ਤੇ ਬਿਜਲੀ ਦੀ ਬੱਚਤ ਦਾ ਆਮ ਲੋਕਾਂ ਨੂੰ ਦੇ ਰਿਹਾ ਸੁਨੇਹਾ

ਬਠਿੰਡਾ, 9 ਜੂਨ : ਜ਼ਿਲ੍ਹੇ ਅਧੀਨ ਪੈਂਦੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਬੀਜ ਕੇ ਆਪਣੀ ਆਮਦਨ ’ਚ ਮੁਨਾਫ਼ਾ ਕਰ ਰਿਹਾ ਹੈ। ਨਿਰਮਲ ਸਿੰਘ ਪਿਛਲੇ ਲਗਭਗ 17 ਸਾਲਾਂ ਤੋਂ ਮੂੰਗੀ ਦੀ ਕਾਸ਼ਤ ਕਰ ਰਿਹਾ ਹੈ। ਇਸ ਦੇ ਵਧੀਆ ਮੁਨਾਫ਼ੇ ਨੂੰ ਵੇਖਦੇ ਹੋਏ ਇਸ ਸਾਲ ਵੀ ਉਸ ਵਲੋਂ 11 ਏਕੜ ਮੂੰਗੀ ਦੀ ਫ਼ਸਲ ਬੀਜੀ ਹੈ।

ਇਹ ਕਿਸਾਨ ਬਾਸਮਤੀ ਅਤੇ ਝੋਨੇ ਦੀ ਪਛੇਤੀ ਕਿਸਮ ਲਗਾਉਣ ਤੋਂ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ। ਇਸ ਨਾਲ ਜਿੱਥੇ ਇਕ ਵਾਧੂ ਫ਼ਸਲ ਰਾਹੀਂ ਇਸ ਨੂੰ ਵਾਧੂ ਆਮਦਨ ਹੁੰਦੀ ਹੈ ਉੱਥੇ ਹੀ ਮੂੰਗੀ ਦੀ ਫ਼ਸਲ ਆਪਣੀਆਂ ਜੜ੍ਹਾਂ ਦੇ ਕੁਦਰਤੀ ਗੁਣ ਕਾਰਨ ਜ਼ਮੀਨ ਵਿਚ ਨਾਈਟ੍ਰੋਜ਼ਨ ਫਿਕਸੇਸ਼ਨ ਰਾਹੀਂ ਜ਼ਮੀਨ ਵਿਚ ਨਾਈਟ੍ਰੋਜ਼ਨ ਖਾਦ ਦੀ ਮਾਤਰਾ ਵਧਾਉਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਫ਼ਸਲ ਨੂੰ ਘੱਟ ਨਾਈਟ੍ਰੋਜ਼ਨ ਖਾਦ ਭਾਵ ਘੱਟ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਘੱਟ ਲਾਗਤਾਂ ਨਾਲ ਜਿੱਥੇ ਕਿਸਾਨ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਨ, ਉੱਥੇ ਹੀ ਘੱਟ ਰਸਾਇਣਕ ਖਾਦਾਂ ਵਾਲੀ ਉਪਜ ਦਾ ਵੀ ਕਿਸਾਨ ਨੂੰ ਚੰਗਾ ਮੁੱਲ ਮਿਲ ਸਕਦਾ ਹੈ।

ਉਦਮੀ ਕਿਸਾਨ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਦਾਲਾਂ ਨੂੰ ਫ਼ਸਲ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਬੀਜੀ ਜਾਂਦੀ ਹੈ ਉਸ ਖੇਤ ਵਿਚ ਬਾਸਮਤੀ ਅਤੇ ਪਿਛੇਤੀ ਕਿਸਮ ਦਾ ਝੋਨਾ ਲਗਭਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਬਿਜਲੀ ਦੀ ਵੀ ਖ਼ਪਤ ਘੱਟਦੀ ਹੈ ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ ਜੂਨ ਮਹੀਨੇ ਲਗਾਇਆ ਜਾਂਦਾ ਹੈ ਦੇ ਬਰਾਬਰ ਸਮੇਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ।

ਮਿਹਨਤਕਸ਼ ਕਿਸਾਨ ਨੇ ਦੱਸਿਆ ਕਿ ਸੱਠੀ ਮੂੰਗੀ ਹੇਠ ਰਕਬਾ ਵਧਾ ਕੇ ਉਸ ਨੂੰ ਹੋਰ ਉਪਜਾਊ ਬਣਾਉਣ ਦੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ 65 ਤੋਂ 70 ਦਿਨਾਂ ਤੱਕ ਦੀ ਫ਼ਸਲ ਹੈ, ਜਿਹੜੀ ਕਿ ਕਣਕ ਅਤੇ ਝੋਨੇ ਦੇ ਵਿਚਕਾਰਲੇ ਸਮੇਂ ਦੌਰਾਨ ਬੀਜੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਲਾਭ ਦਿੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਤੱਕ ਪ੍ਰਤੀ ਏਕੜ ਹੈ। 

ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ ਕਰੀਬ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਕਣਕ ਵੱਢਣ ਉਪਰੰਤ ਗਰਮੀ ਰੁੱਤ ਦੀ ਮੂੰਗੀ ਬਿਨਾ ਖੇਤ ਵਾਹੇ ਵੀ ਬੀਜੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ-ਟਿਲ ਡਰਿੱਲ ਰਾਹੀਂ ਬੀਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਫਲੀਦਾਰ ਫ਼ਸਲ ਨਾ ਸਿਰਫ ਪੌਸ਼ਟਿਕ ਆਹਾਰ ਦਿੰਦੀ ਹੈ, ਬਲਕਿ ਮਿੱਟੀ ’ਚ ਨਾਈਟਰੋਜਨ ਦੀ ਮਾਤਰਾ ਨੂੰ ਵਧਾਕੇ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਤਿਆਰ ਕਰਦੀ ਹੈ।

CATEGORIES
TAGS
Share This

COMMENTS

Wordpress (0)
Disqus ( )
Translate