ਆਪਸੀ ਹਉਮੈ ਤਿਆਗ ਕੇ ਪੰਥ,ਪੰਜਾਬ ਤੇ ਦੇਸ਼ ਲਈ ਇੱਕਜੁੱਟ ਹੋਣ ਸਾਰੀਆਂ ਅਕਾਲੀ ਧਿਰਾਂ-ਢੀਂਡਸਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸੁਨੀਲ ਜਾਖੜ ਨੇ ਕੀਤੀ ਅਪੀਲ
ਸੰਗਰੂਰ 8 ਜੂਨ। ਸਿਆਸਤ ਵਿੱਚ ਸੁਨੀਲ ਜਾਖੜ ਨੇ ਹਮੇਸ਼ਾ ਹੀ ਪੰਜਾਬ ਦੇ ਹਿਤਾਂ ਨੂੰ ਪਹਿਲ ਦਿੱਤੀ ਹੈ। ਉਹਨਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਦੋਂ ਵੀ ਬੇਬਾਕੀ ਨਾਲ ਗੱਲ ਕੀਤੀ ਹੈ ਤਾਂ ਉਸ ਵਿੱਚ ਵੀ ਪੰਜਾਬ ਦੇ ਭਲੇ ਦੀ ਗੱਲ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸੁਨੀਲ ਜਾਖੜ ਵੱਲੋਂ ਪਿਛਲੇ ਸਮੇਂ ਤੋਂ ਜਿੰਨੀ ਆਵਾਜ਼ ਚੁੱਕੀ ਗਈ ਹੈ ਉਨੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਆਪਣੀ ਪਾਰਟੀ ਲਈ ਨਹੀਂ ਚੱਕ ਸਕੇ। ਸੁਨੀਲ ਜਾਖੜ ਦਾ ਅਜਿਹੇ ਢੰਗ ਨਾਲ ਗੱਲ ਕਰਨਾ ਤੇ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣਾ ਉਹਨਾਂ ਦਾ ਬਾਕੀ ਲੀਡਰਾਂ ਦੇ ਮੁਕਾਬਲੇ ਕੱਦ ਹੋਰ ਉੱਚਾ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਵਿੱਚ ਵੱਡੇ ਚਿਹਰੇ ਵਜੋਂ ਜਾਣੇ ਜਾਂਦੇ ਸੁਖਦੇਵ ਸਿੰਘ ਢੀਡਸਾ ਨਮਿੱਤ ਅੱਜ ਅੰਤਿਮ ਅਰਦਾਸ ਹੋਈ। ਸ਼ਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਰਦਾਰ ਢੀਂਡਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਜਦੋਂ ਸੁਨੀਲ ਜਾਖੜ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬੋਲਣ ਲੱਗੇ ਤਾਂ ਉਹਨਾਂ ਦੀ ਅਪੀਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਮੁੜ ਜਗਾਉਣ ਦੀ ਕੋਸ਼ਿਸ਼ ਕੀਤੀ। ਸੁਨੀਲ ਜਾਖੜ ਨੇ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜੇਕਰ ਸਾਰੇ ਅਕਾਲੀ ਦਲ ਦੇ ਲੀਡਰ ਇੱਕਜੁੱਟ ਹੋਣ। ਉਹਨਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਇੱਕ ਮਜਬੂਤ ਪੰਥਕ ਪਾਰਟੀ ਦੀ ਲੋੜ ਹੈ। ਜਾਖੜ ਦੀ ਆਵਾਜ਼ ਵਿੱਚ ਪੰਜਾਬ ਤੇ ਅਕਾਲੀ ਦਲ ਦੇ ਭਲੇ ਦਾ ਦਰਦ ਮਹਿਸੂਸ ਹੋ ਰਿਹਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਮਜਬੂਤ ਪੰਥਕ ਪਾਰਟੀ ਦੀ ਲੋੜ ਪੰਥ ਕੌਮ ਤੇ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਜਰੂਰਤ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਅਕਾਲੀ ਧਿਰਾਂ ਨੂੰ ਆਪਸੀ ਹਉਮੈ ਦਾ ਤਿਆਗ ਕਰਕੇ ਕੌਮੀ ਹਿਤਾਂ ਲਈ ਇੱਕਜੁੱਟ ਹੋ ਕੇ ਪੰਥ ਤੇ ਪੰਜਾਬ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਥੇ ਇਹ ਯਾਦ ਰੱਖਣਾ ਬਹੁਤ ਜਰੂਰੀ ਹੈ ਕਿ ਕਿਤੇ ਆਪਸੀ ਮੱਤਭੇਦਾਂ ਦੇ ਚਲਦੇ ਪੰਜਾਬ ਦੀ ਮਹਾਨ ਵਿਰਾਸਤ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਮ ਨਾ ਕਰਵਾ ਜਾਵੇ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਪੰਥ ਕੌਮ ਤੇ ਪੰਜਾਬ ਨੂੰ ਭੁਗਤਣਾ ਪਵੇ।

ਸੁਨੀਲ ਜਾਖੜ ਦੇ ਇਹਨਾਂ ਬੋਲਾਂ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਪਿਛਲੇ ਸਮੇਂ ਤੋਂ ਸੁਨੀਲ ਜਾਖੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਦੋਂ ਵੀ ਅਕਾਲੀ ਲੀਡਰ ਭਵਿੱਖ ਤੋਂ ਅਣਜਾਨ ਹੀ ਰਹੇ। ਹੁਣ ਵੇਖਣਾ ਇਹ ਹੋਵੇਗਾ ਕਿ ਸੁਨੀਲ ਜਾਖੜ ਦੀ ਇਸ ਅਪੀਲ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਦੇ ਪਾਟੋਧਾੜ ਹੋਏ ਲੀਡਰਾਂ ਤੇ ਕਿੰਨਾ ਕੁ ਹੁੰਦਾ ਹੈ।



