ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ JEE ਅਡਵਾਂਸ ਦੀ ਪ੍ਰੀਖਿਆ ਵਿੱਚ ਹੋਈ ਦੇਰੀ,ਸੈਂਕੜੇ ਵਿਦਿਆਰਥੀ ਹੋਏ ਖੱਜਲ ਖੁਆਰ

ਮਾਪਿਆਂ ਅਤੇ ਵਿਦਿਆਰਥੀਆਂ ਦਾ ਦੋਸ਼ ,ਪ੍ਰੀਖਿਆ ਵਿੱਚ ਵਿਦਿਆਰਥੀਆਂ ਦਾ ਹੋਇਆ ਨੁਕਸਾਨ
ਮੋਹਾਲੀ 18 ਮਈ
JEE ਅਡਵਾਂਸ ਦੀ ਅੱਜ ਹੋਈ ਪ੍ਰੀਖਿਆ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਬਲਾਕ ਬੀ 3 ਵਿੱਚ ਬਣੇ ਪ੍ਰੀਖਿਆ ਸੈਂਟਰ ਵਿੱਚ ਪ੍ਰੀਖਿਆ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਣ ਕਾਰਨ ਸੈਂਕੜੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਨੁਕਸਾਨ ਦਾ ਡਰ ਪੈਦਾ ਹੋ ਗਿਆ ਹੈ।
ਜੇ ਈ ਈ ਮੇਨ ਤੋਂ ਬਾਅਦ ਜੇਈਈ ਐਡਵਾਂਸ ਦੇਸ਼ ਦੇ ਆਈਆਈਟੀ ਵਿੱਚ ਦਾਖਲੇ ਲਈ ਹੋਣ ਵਾਲੀ ਦੇਸ਼ ਦੀ ਸਭ ਤੋਂ ਮਹੱਤਵਪੂਰਨ ਦਾਖਲਾ ਪ੍ਰੀਖਿਆ ਹੈ। ਇਸ ਬਾਰ ਇਹ ਦਾਖਲਾ ਪ੍ਰੀਖਿਆ ਆਈਆਈਟੀ ਕਾਨਪੁਰ ਵੱਲੋਂ ਲਈ ਗਈ ਸੀ । ਇਸ ਸੰਦਰਭ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਬਲਾਕ ਬੀ 3 ਵਿੱਚ ਬਣੇ ਪ੍ਰੀਖਿਆ ਸੈਂਟਰ ਵਿੱਚ ਸਵੇਰ ਦਾ ਪੇਪਰ 9 ਵਜੇ ਦੀ ਬਜਾਏ 10 ਵਜੇ ਸ਼ੁਰੂ ਹੋਇਆ। ਜਿਸ ਕਰਕੇ ਵਿਦਿਆਰਥੀਆਂ ਵਿੱਚ ਡਰ ਦੀ ਭਾਵਨਾ ਪੈਦਾ ਹੋਈ ਤੇ ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਦੱਸਿਆ ਕਿ ਇਸ ਕਾਰਨ ਵਿਦਿਆਰਥੀਆਂ ਦੇ ਪੇਪਰ ਕਰਨ ਵਿੱਚ ਘਬਰਾਹਟ ਕਾਰਨ ਨੁਕਸਾਨ ਹੋਇਆ।
ਇਸੇ ਤਰ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਸੈਂਟਰ ਵਿਖੇ ਵਿਦਿਆਰਥੀਆਂ ਦੇ ਦਾਖਲੇ ਸਮੇਂ ਹੋਣ ਵਾਲੀ ਬਾਓਮੈਟਰਿਕ ਜਿੱਥੇ ਬਹੁਤ ਦੇਰੀ ਨਾਲ ਸ਼ੁਰੂ ਹੋਈ ਉੱਥੇ ਸਟਾਫ ਦੀ ਅਣਗਹਿਲੀ ਕਾਰਨ ਸ਼ੁਰੂਆਤੀ ਵਿਦਿਆਰਥੀਆਂ ਦੀ ਬਾਇਓਮੈਟਰਿਕ ਠੀਕ ਤਰੀਕੇ ਨਾਲ ਨਹੀਂ ਹੋਈ। ਜਿਸ ਕਾਰਨ ਹੋਰ ਦੇਰੀ ਹੋਈ।

ਮਾਪਿਆਂ ਨੇ ਦੱਸਿਆ ਕਿ ਜੇਕਰ ਪੇਪਰ ਸਮੇਂ ਸਿਰ ਭਾਵ 9 ਵਜੇ ਸ਼ੁਰੂ ਹੁੰਦਾ ਤਾਂ 12 ਵਜੇ ਪਹਿਲਾ ਪੇਪਰ ਖਤਮ ਹੋ ਜਾਣਾ ਸੀ ਅਤੇ ਦੂਸਰੇ ਪੇਪਰ ਲਈ ਦਾਖਲੇ ਦੇ ਸਮੇਂ ਤੱਕ ਵਿਦਿਆਰਥੀਆਂ ਨੂੰ ਖਾਣਾ ਲੈਣ ਅਤੇ ਤਰੋ ਤਾਜ਼ਾ ਹੋਣ ਲਈ ਲਗਭਗ ਡੇਢ ਘੰਟੇ ਦਾ ਸਮਾਂ ਮਿਲਣਾ ਸੀ, ਪਰ ਪਹਿਲਾ ਪੇਪਰ ਦੇਰੀ ਨਾਲ ਸ਼ੁਰੂ ਹੋਣ ਕਰਕੇ ਪਹਿਲਾ ਪੇਪਰ 1 ਵਜੇ ਖਤਮ ਹੋਇਆ ਅਤੇ 1 ਵਜ ਕੇ 30 ਮਿੰਟ ਤੇ ਦੂਜੇ ਪੇਪਰ ਲਈ ਵਿਦਿਆਰਥੀਆਂ ਨੂੰ ਦਾਖਲਾ ਕਰਨਾ ਪਿਆ ਜਿਸ ਕਾਰਨ ਵਿਦਿਆਰਥੀਆਂ ਨੂੰ ਖਾਣਾ ਖਾਣ ਅਤੇ ਤਰੋ ਤਾਜ਼ਾ ਹੋਣ ਦਾ ਵੀ ਸਮਾਂ ਨਹੀਂ ਮਿਲਿਆ।
ਮਾਪਿਆਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਅਣਗੈਹਿਲੀ ਕਾਰਨ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਇਸ ਸੈਂਟਰ ਦੇ ਵਿਦਿਆਰਥੀਆਂ ਨੂੰ ਗਰੇਸ ਮਾਰਕਸ ਦਿੱਤੇ ਜਾਣ ।
ਜਿਕਰਯੋਗ ਹੈ ਕਿ ਜੇਈਈ ਅਡਵਾਂਸ ਦੇ ਦਾਖਲੇ ਲਈ ਦੋ ਪੇਪਰ ਹੁੰਦੇ ਹਨ ਅਤੇ ਪਹਿਲਾ ਪੇਪਰ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਅਤੇ ਬਾਅਦ ਦੁਪਹਿਰ ਵਾਲੇ ਸੈਸ਼ਨ ਦਾ ਪੇਪਰ ਸ਼ੁਰੂ ਹੋਣ ਦਾ ਸਮਾਂ 2-30 ਵਜੇ ਹੁੰਦਾ ਹੈ।

CATEGORIES
Share This

COMMENTS

Wordpress (0)
Disqus ( )
Translate