ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਦਾਣਾ ਮੰਡੀ ਫਾਜ਼ਿਲਕਾ ਸਮੇਤ ਪਿੰਡਾਂ ਦੀਆਂ ਮੰਡੀਆਂ ਦੀ ਕੀਤੀ ਚੈਕਿੰਗ

ਕਣਕ ਦੀ ਫਸਲ ਦੇ ਤੋਲ ਲਈ ਵਰਤੇ ਜਾ ਰਹੇ ਕੰਡੇ-ਵੱਟੇ ਚੈੱਕ ਕੀਤੇ, ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਫਾਜ਼ਿਲਕਾ, 20 ਅਪ੍ਰੈਲ
ਸਹਾਇਕ ਮਾਰਕਟਿੰਗ ਅਫਸਰ ਫ਼ਾਜ਼ਿਲਕਾ ਡਾ ਸੰਦੀਪ ਕੁਮਾਰ ਭਠੇਜਾ ਦੀ ਰਹਿਨੁਮਾਈ ਹੇਠ ਖੇਤੀਬਾੜੀ ਵਿਕਾਸ ਅਫਸਰ ਹਰਵਿੰਦਰ ਕੰਬੋਜ ਵੱਲੋਂ ਮੁੱਖ ਦਾਣਾ ਮੰਡੀ ਫਾਜ਼ਿਲਕਾ ਅਤੇ ਉਸ ਦੇ ਅਧੀਨ ਆਉਂਦੀਆਂ ਪਿੰਡਾਂ ਦੀਆਂ ਮੰਡੀਆਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਕਣਕ ਦੀ ਫਸਲ ਦੇ ਤੋਲ ਲਈ ਵਰਤੇ ਜਾ ਰਹੇ ਕੰਡੇ-ਵੱਟੇ ਚੈੱਕ ਕੀਤੇ ਗਏ।
ਖੇਤੀਬਾੜੀ ਵਿਕਾਸ ਅਫਸਰ ਹਰਵਿੰਦਰ ਕੰਬੋਜ ਵੱਲੋਂ ਮੰਡੀ ਵਿੱਚ ਹਾਜ਼ਰ ਕਿਸਾਨਾਂ ਵੀਰਾਂ ਨੂੰ ਦੱਸਿਆ ਗਿਆ ਕਿ ਹਾੜ੍ਹੀ ਸੀਜ਼ਨ 2023-24 ਦੌਰਾਨ ਕੇਂਦਰੀ ਪੂਲ ਲਈ ਕਣਕ ਦੀ ਖਰੀਦ ਕਰਨ ਲਈ ਏਜੰਸੀਆਂ ਵੱਲੋਂ 50 ਕਿਲੋ ਦੀ ਨਿਸ਼ਚਿਤ ਕੀਤੀ ਗਈ ਹੈ ਅਤੇ ਇਸ ਦੌਰਾਨ ਆੜ੍ਹਤੀਆਂ ਨੂੰ ਕਿਸਾਨਾਂ ਦੀ ਉਪਜ ਦਾ ਸਹੀ ਤੋਲ ਕਰਨ ਸਬੰਧੀ ਵੀ ਕਿਹਾ ਗਿਆ ।
ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਿਸੇ ਕਿਸਮ ਦੀ ਦਿੱਕਤ ਦੀ ਸੂਰਤ ਵਿੱਚ ਸਬੰਧਤ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ । ਕਣਕ ਦੀ ਉਪਜ ਨੂੰ ਸਾਫ਼-ਸੁਥਰੀ, ਨਮੀ ਰਹਿਤ, ਇਕਸਾਰ ਗੁਣਵੱਤਾ ਵਾਲੀ, ਅਸ਼ੁੱਧੀਆਂ ਰਹਿਤ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀ ਵਿਚ ਲਿਆਂਦਾ ਜਾਵੇ ਤਾਂ ਜੋ ਕਿਸਾਨ ਵੀਰਾਂ ਨੂੰ ਕਣਕ ਦੇ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਪੇਸ਼ ਨਾ ਆਵੇ।


