ਨਰਮੇ ਦੀ ਫ਼ਸਲ ਅਧੀਨ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ:-ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ:

ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਖੇਤੀਬਾੜੀ ਮੰਤਰੀ ਪੰਜਾਬ ਯੋਗ ਅਗਵਾਈ ਵਿੱਚ ਜਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਫ਼ਸਲੀ ਵਿਭਿੰਨਤਾ ਅਧੀਨ ਨਰਮਾ ਪੱਟੀ ਵਾਲੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਕਿਸਾਨਾਂ ਨੂੰ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

          ਸ੍ਰੀ ਵਿਨੀਤ ਕੁਮਾਰ, ਆਈ.ਏ.ਐਸ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਨਰਮੇਂ ਦੇ ਬੀ.ਟੀ. ਬੀਜ਼ ’ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਕੇਵਲ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ’ਤੇ ਹੀ ਮਿਲੇਗੀ।

ਉਨ੍ਹਾਂ ਦੱਸਿਆ ਕਿ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਬਸਿਡੀ ਪ੍ਰਾਪਤ ਕਰਨ ਲਈ www.agrimachinerypb.com ਪੋਰਟਲ ਉਪਰ 15 ਮਈ ਤੱਕ ਅਪਲਾਈ ਕਰ ਸਕਦੇ ਹਨ ਅਤੇ ਕਿਸਾਨ ਕੋਲ ਮਿਤੀ 25 ਮਾਰਚ ਤੋਂ  15 ਮਈ 2023 ਤੱਕ ਬੀ.ਟੀ. ਬੀਜ਼ ਦਾ ਪੱਕਾ ਬਿੱਲ ਹੋਣਾ ਜਰੂਰੀ ਹੈ। ਭਾਰਤ ਸਰਕਾਰ ਵੱਲੋਂ ਨਰਮੇਂ BG-II ਦੇ ਪ੍ਰਤੀ ਪੈਕੇਟ ਦਾ ਮੁੱਲ 853 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਸਬਸਿਡੀ ਅਪਲਾਈ ਕਰਨ ਸਮੇਂ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰਮੇਂ ਦੀ ਅਗੇਤੀ ਬਿਜਾਈ ਲਈ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਅਤੇ ਪਾਣੀ ਦੀ ਚੋਰੀ ਰੋਕਣ ਲਈ ਨਹਿਰੀ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਬਿਜਾਈ ਵਾਲੇ ਇਨ੍ਹਾਂ ਦਿਨਾਂ ਦੌਰਾਨ ਨਰਮੇਂ ਵਾਲੇ ਪਿੰਡਾਂ ਵਿੱਚ ਟਿਊਬਵੈਲਾਂ ਤੇ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਜਾਰੀ ਰੱਖੀ ਜਾਵੇਗੀ।

ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਅਗੇਤੇ ਬੀਜ਼ੇ ਗਏ ਨਰਮੇਂ ਦੀ ਫ਼ਸਲ ’ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ ਅਤੇ ਝਾੜ ਵੱਧ ਹੁੰਦਾ ਹੈ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 189 ਕਿਸਾਨ ਮਿੱਤਰ ਅਤੇ 12 ਸੁਪਰਵਾਈਜ਼ਰ ਭਰਤੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਛਟੀਆਂ ਦੇ ਪ੍ਰਬੰਧਨ ਤੋਂ ਇਲਾਵਾ ਜ਼ਿੰਨਿੰਗ ਅਤੇ ਆਇਲ ਮਿੱਲਾਂ ਵਿੱਚ ਵੀ ਲੋੜੀਂਦੇ ਪ੍ਰਬੰਧਨ ਕਰਵਾਏ ਗਏ ਹਨ। ਨਰਮੇਂ ਦੀ ਫ਼ਸਲ ਨੂੰ ਚਿੱਟੇ ਮੱਛਰ ਤੋਂ ਬਚਾਉਣ ਲਈ ਨਦੀਨ ਨਸ਼ਟ ਮੁਹਿੰਮ ਵੀ ਚਲਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਨਰਮੇਂ ਵਾਲੇ ਜ਼ਿਲ੍ਹਿਆਂ ਵਿੱਚ ਮੂੰਗੀ ਦੀ ਸਰਕਾਰੀ ਖ੍ਰੀਦ ਨਹੀਂ ਕੀਤੀ ਜਾਵੇਗੀ, ਕਿਉਂਕਿ ਮੂੰਗੀ ਦੀ ਫ਼ਸਲ ’ਤੇ ਚਿੱਟੀ ਮੱਖੀ ਪਲਦੀ ਹੈ ਅਤੇ ਬਾਅਦ ਵਿੱਚ ਨਰਮੇਂ ਦੀ ਫ਼ਸਲ ’ਤੇ ਹਮਲਾ ਕਰ ਦਿੰਦੀ ਹੈ।

ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਤੂੜੀ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਨਰਮੇਂ ਦੀ ਬਿਜਾਈ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਨਰਮੇਂ ਦੀ ਬਿਜਾਈ ਹੇਠ ਰਕਬਾ ਵਧਾਇਆ ਜਾਵੇ, ਜ਼ਿਲ੍ਹੇ ਅੰਦਰ ਸੱਠੀ ਮੂੰਗੀ ਦੀ ਬਿਜਾਈ ਨਾ ਕੀਤੀ ਜਾਵੇ, ਖੇਤਾਂ ਦੁਆਲੇ ਉਘੇ ਨਦੀਨਾਂ ਨੂੰ ਤੁਰੰਤ ਨਸ਼ਟ ਕੀਤਾ ਜਾਵੇ, ਕਿਸੇ ਗਲਤ ਪ੍ਰਚਾਰ ਅਧੀਨ ਆ ਕੇ ਗੁਜਰਾਤੀ ਬੀਜ਼ ਨਾ ਬੀਜਿਆ ਜਾਵੇ। ਇਸ ਤੋਂ ਇਲਾਵਾ ਬੀਜ਼, ਖਾਦ ਅਤੇ ਦਵਾਈਆਂ ਖ੍ਰੀਦ ਦੇ ਸਮੇਂ ਪੱਕਾ ਬਿੱਲ ਲਿਆ ਜਾਵੇ ਅਤੇ ਜੇਕਰ ਕੋਈ ਡੀਲਰ ਅਣਚਾਹੀ ਖੇਤੀ ਸਮੱਗਰੀ ਖ੍ਰੀਦਣ ਲਈ ਕਿਸਾਨ ਨੂੰ ਮਜ਼ਬੂਰ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਦਿੱਤੀ ਜਾਵੇ।

CATEGORIES
TAGS
Share This

COMMENTS

Wordpress (0)
Disqus (0 )
Translate