ਮਾਲਵੇ ਦੀ ਇਕ ਹੋਰ ਨਿਸ਼ਾਨੇਬਾਜ਼ ਚਮਕੀ,ਸਿਮਰਨਪ੍ਰੀਤ ਬਰਾੜ ਨੇ ਵਿਸ਼ਵ ਕੱਪ ਵਿੱਚ ਸਿਲਵਰ ਮੈਡਲ ਫੁੰਡਿਆ

ਚੰਡੀਗੜ੍ਹ 22 ਅਪ੍ਰੈਲ। (ਧੰਨਵਾਦ ਸਹਿਤ ਖੇਡ ਲੇਖਕ ਨਵਦੀਪ ਗਿੱਲ)- ਮਾਲਵੇ ਦੇ ਅਧਿਆਪਕ ਜੋੜੇ ਦੀ ਬੇਟੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਨੇ ਪੇਰੂ ਦੇ ਸ਼ਹਿਰ ਲੀਮਾ ਵਿਖੇ ਚੱਲ ਰਹੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਮੁਕਾਬਲੇ ਵਿੱਚ ਚੀਨ ਦੀ ਸੁਨ ਯੁਜੀ ਨੇ ਸੋਨੇ ਅਤੇ ਚੀਨ ਦੀ ਹੀ ਕਿਆਨਸੁਨ ਜਾਓ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਮੁਕਾਬਲੇ ਵਿੱਚ ਪੈਰਿਸ ਓਲੰਪਿਕਸ ਦੀ ਡਬਲ ਮੈਡਲਿਸਟ ਭਾਰਤ ਦੀ ਚੋਟੀ ਦੀ ਨਿਸ਼ਾਨੇਬਾਜ਼ ਮਨੂ ਭਾਕਰ ਚੌਥੇ ਸਥਾਨ ਉੱਤੇ ਰਹੀ।

ਵੀਹ ਵਰ੍ਹਿਆਂ ਦੀ ਸਿਮਰਨਪ੍ਰੀਤ ਦਾ ਇਹ ਪਹਿਲਾ ਕੌਮਾਂਤਰੀ ਤਮਗ਼ਾ ਹੈ। ਸਿਮਰਨਪ੍ਰੀਤ ਦੇ ਪਿਤਾ ਸ਼ਮਿੰਦਰ ਸਿੰਘ ਬਰਾੜ ਨੇ ਆਪਣੀ ਧੀ ਦੇ ਨਿਸ਼ਾਨੇਬਾਜ਼ੀ ਖੇਡ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਢਾਈ ਸਾਲ ਪਹਿਲਾਂ ਆਪਣੀ ਨੌਕਰੀ ਛੱਡ ਦਿੱਤੀ ਸੀ। ਉਹ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕ ਸਨ। ਸਿਮਰਨਪ੍ਰੀਤ ਕੌਰ ਦੀ ਮਾਤਾ ਹਰਚਰਨ ਕੌਰ ਬਰਾੜ ਵੀ ਪ੍ਰਾਇਮਰੀ ਅਧਿਆਪਕਾ ਹੈ। ਉਨ੍ਹਾਂ ਦਾ ਜੱਦੀ ਪਿੰਡ ਮੁਕਤਸਰ ਜ਼ਿਲੇ ਵਿੱਚ ਚੱਕ ਮੋਤਲੇ ਵਾਲੇ (ਖਾਰਾ ਵਿੱਚੋਂ ਬੱਝਿਆ ਪਿੰਡ) ਹੈ ਜਦੋਂ ਕਿ ਉਨ੍ਹਾਂ ਬੇਟੀ ਦੀ ਖੇਡ ਲਈ ਫਰੀਦਕੋਟ ਸ਼ਹਿਰ ਵਿੱਚ ਆਪਣੀ ਰਿਹਾਇਸ਼ ਰੱਖੀ।

ਬਾਬਾ ਫਰੀਦ ਸਕੂਲ ਦੀ ਸ਼ੂਟਿੰਗ ਰੇਂਜ ਵਿਖੇ ਨਿਸ਼ਾਨੇਬਾਜ਼ੀ ਕੋਚ ਅਤੇ ਜ਼ਿਲਾ ਖੇਡ ਅਫਸਰ ਅਨਿੰਦਰਵੀਰ ਕੌਰ ਦੀ ਦੇਖ ਰੇਖ ਹੇਠ 9 ਵਰ੍ਹੇ ਪਹਿਲਾਂ ਖੇਡ ਸ਼ੁਰੂ ਕਰਨ ਵਾਲੀ ਸਿਮਰਨਪ੍ਰੀਤ ਨੇ ਆਪਣੇ ਪਿਤਾ ਦੀ ਕੁਰਬਾਨੀ ਅਤੇ ਮਿਹਨਤ ਦਾ ਮੁੱਲ ਮੋੜਦਿਆਂ ਆਪਣਾ ਪਹਿਲਾ ਕੌਮਾਂਤਰੀ ਤਮਗ਼ਾ ਜਿੱਤਿਆ। ਸਿਮਰਨਪ੍ਰੀਤ ਦੀ ਆਦਰਸ਼ ਮਾਲਵੇ ਦੀ ਹੀ ਜੰਮਪਲ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਤੇ ਓਲੰਪੀਅਨ ਹਿਨਾ ਸਿੱਧੂ ਹੈ। ਅਵਨੀਤ ਕੌਰ ਸਿੱਧੂ ਦੀ ਕੋਚ ਰਹੀ ਵੀਰਪਾਲ ਕੌਰ ਦੀ ਦੇਖ-ਰੇਖ ਤੇ ਗਾਈਡੈਂਸ ਨੂੰ ਵੀ ਸਿਮਰਨਪ੍ਰੀਤ ਆਪਣੀ ਜਿੱਤ ਦਾ ਸਿਹਰਾ ਦਿੰਦੀ ਹੈ।

ਨਿਸ਼ਾਨੇਬਾਜ਼ੀ ਖੇਡ ਵਿੱਚ ਮਲਵੈਣ ਖਿਡਾਰਨਾਂ ਬਹੁਤ ਮੱਲਾਂ ਮਾਰ ਰਹੀਆਂ ਹਨ। ਫਰੀਦਕੋਟ ਦੀ ਹੀ ਸਿਫ਼ਤ ਕੌਰ ਸਮਰਾ ਰਾਈਫ਼ਲ ਸ਼ੂਟਿੰਗ ਵਿੱਚ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਤੇ ਪੈਰਿਸ ਓਲੰਪਿਕਸ ਖੇਡ ਚੁੱਕੀ ਹੈ। ਉਸ ਨੇ ਪਹਿਲੇ ਵਿਸ਼ਵ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ। ਜਲਾਲਾਬਾਦ ਦੇ ਅਰਜੁਨ ਬਬੂਟਾ ਨੇ ਵੀ ਲੀਮਾ ਵਿਖੇ ਸਿਲਵਰ ਮੈਡਲ ਜਿੱਤਿਆ।

ਲੀਮਾ ਵਿਖੇ ਨਿਸ਼ਾਨੇਬਾਜ਼ੀ ਦਾ ਇਸ ਸਾਲ ਦਾ ਦੂਜਾ ਵਿਸ਼ਵ ਕੱਪ ਚੱਲ ਰਿਹਾ ਹੈ। ਪਹਿਲਾ ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਖੇ ਹੋਇਆ ਸੀ। ਇਸ ਤੋਂ ਬਾਅਦ ਤੀਜਾ ਮਿਊਨਿਖ (ਜਰਮਨੀ) ਤੇ ਚੌਥਾ ਨਿੰਗਬੋ (ਚੀਨ) ਵਿਖੇ ਹੋਵੇਗਾ ਅਤੇ ਫ਼ਾਈਨਲ ਵਿਸ਼ਵ ਕੱਪ ਕਤਰ ਦੀ ਰਾਜਧਾਨੀ ਦੋਹਾ ਵਿਖੇ ਹੋਵੇਗਾ।

@ਨਵਦੀਪ ਸਿੰਘ ਗਿੱਲ

CATEGORIES
Share This

COMMENTS

Wordpress (0)
Disqus ( )
Translate