ਸਰਕਾਰੀ ਹਾਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝੂੰਮਿਆ ਵਾਲੀ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਕੀਤਾ ਰਵਾਨਾ
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿਚ ਮੁਹੱਈਆ ਕਰਵਾ ਰਹੀ ਹੈ ਮਿਆਰੀ ਸਿੱਖਿਆ -ਬੀਐਨਓ ਸੁਖਦੇਵ ਸਿੰਘ ਗਿੱਲ
ਸਰਕਾਰੀ ਸਕੂਲਾਂ ਨੂੰ ਬਣਾਇਆ ਗਿਆ ਹੈ ਸਮੇਂ ਦੇ ਹਾਣ ਦਾ – ਬੀਪੀਈਓ ਭਾਲਾ ਰਾਮ
ਅਬੋਹਰ, 16 ਮਾਰਚ (ਬਲਰਾਜ ਸਿੰਘ ਸਿੱਧੂ )
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਲਗਾਤਾਰ ਜਾਗਰੂਕਤਾ ਅਭਿਆਨ ਜਾਰੀ ਹੈ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਅੱਜ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਝੂੰਮਿਆ ਵਾਲੀ ਵਿਖੇ ਦਾਖਲੇ ਵਧਾਉਣ ਲਈ ਚੇਤਨਾ ਵਾਹਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਤੇ ਬੀਐਨਓ ਸੁਖਦੇਵ ਸਿੰਘ ਗਿੱਲ ਅਤੇ ਬੀਪੀਈਓ ਭਾਲਾ ਰਾਮ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ। ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਨਾਲ ਨਾਲ ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਉਚ ਯੋਗਤਾ ਵਾਲੇ ਅਧਿਆਪਕ ਅਤੇ ਉੱਤਮ ਦਰਜੇ ਦਾ ਬੁਨਿਆਦੀ ਢਾਂਚਾ ਹੈ ਜਿੱਥੋਂ ਵਿਦਿਆਰਥੀ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ। ਹੈੱਡ ਮਾਸਟਰ ਆਸ਼ੀਸ਼ ਕੁਮਾਰ ਅਤੇ ਸੀਐਚਟੀ ਮਹਾਂਵੀਰ ਟਾਂਕ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਦੀਆਂ ਸਹੁਲਤਾਂ ਦੀ ਜਾਣਕਾਰੀ ਇਸ ਮੁਹਿੰਮ ਦੌਰਾਨ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਨਜਰੀਆ ਬਦਲਿਆ ਹੈ ਅਤੇ ਹੁਣ ਲੋਕ ਆਪਣੇ ਬੱਚਿਆਂ ਨੂੰ ਮੁੜ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਵਿਚ ਰੂਚੀ ਲੈ ਰਹੇ ਹਨ। ਇਸ ਅਭਿਆਨ ਦੌਰਾਨ ਸਮਾਜ ਨਾਲ ਰਾਬਤਾ ਕਰਕੇ ਲੋਕਾਂ ਨੂੰ ਦਾਖਲੇ ਬਾਰੇ ਜਾਣਕਾਰੀ ਦੇਣਗੇ।
ਇਸ ਮੌਕੇ ਤੇ ਸਬੰਧਿਤ ਸਕੂਲਾਂ ਦੇ ਸਟਾਫ ਮੈਂਬਰ ਵੀ ਹਾਜਰ ਸਨ