ਪੰਜਾਬ ਸਿੱਖਿਆ ਕ੍ਰਾਂਤੀ,ਫਾਜ਼ਿਲਕਾ ਹਲਕੇ ਵਿੱਚ 96 ਲੱਖ ਦੇ ਵਿਕਾਸ ਕੰਮਾਂ ਦਾ ਸਕੂਲਾਂ ਵਿੱਚ ਹੋਇਆ ਉਦਘਾਟਨ

ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧੀ : ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ 20 ਅਪ੍ਰੈਲ

ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਸਕੂਲਾਂ ਵਿੱਚ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 96 ਲੱਖ 16 ਹਜਾਰ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਸਕੂਲਾਂ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਵਿਕਸਿਤ ਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਤੇ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਸਦਕਾ ਅੱਜ ਜਿਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਉਥੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਸ਼੍ਰੀ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ ਆਫ ਐਮੀਨੈਂਸ ਦੀ ਸਥਾਪਨਾ, ਅਧਿਆਪਕਾਂ ਨੂੰ ਸਿਖ਼ਲਾਈ ਲਈ ਵਿਦੇਸ਼ ਭੇਜਣਾ, ਬੱਸ ਸਰਵਿਸ ਸ਼ੁਰੂ ਕਰਨਾ, ਕੈਂਪਸ ਮੈਨੇਜਰ ਤੇ ਸੁਰੱਖਿਆ ਗਾਰਡ ਦੀ ਨਿਯੁਕਤੀ, ਡਿਜੀਟਲ ਢੰਗ ਨਾਲ ਸਿੱਖਿਆ ਪ੍ਰਦਾਨ ਕਰਨ ਵਰਗੀਆਂ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਅਤੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਤੇ ਰੌਸ਼ਨ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਆਗਾਜ਼ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜ ਸਮਰਪਿਤ ਕੀਤੇ ਜਾਣਗੇ।

ਇਸ ਮੌਕੇ ਤੇ ਵਿਧਾਇਕ ਸ੍ਰੀ ਸਵਨਾ ਦੇ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਵੀ ਸੰਬੋਧਨ ਕੀਤਾ ਅਤੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਇਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਤੋਂ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਿੱਖਿਆ ਕੋਆਰਡੀਨੇਟਰ ਸ੍ਰੀ ਸੁਰਿੰਦਰ ਕੰਬੋਜ ਵੀ ਹਾਜ਼ਰ ਸਨ।

 ਕਿਸ ਸਕੂਲ ਨੂੰ ਕਿੰਨੀ ਗਰਾਂਟ ਮਿਲੀ

 ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਆਪਣੇ ਹਲਕੇ ਦੇ ਚਾਰ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਿਸ ਤਹਿਤ ਉਹਨਾਂ ਨੇ ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਵਿੱਚ 44 ਲੱਖ 15 ਹਜਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਉਹਨਾਂ ਨੇ 19 ਲੱਖ 26 ਹਜਾਰ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਹਿਕ ਹਸਤਾ ਉਤਾੜ ਵਿੱਚ 16 ਲੱਖ 74 ਹਜਾਰ ਦੇ ਕੰਮ ਲੋਕ ਸਮਰਪਿਤ ਕੀਤੇ ਗਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਗੁਲਾਬ ਸਿੰਘ ਵਿੱਚ 16 ਲੱਖ 1 ਹਜਾਰ ਰੁਪਏ ਦੇ ਕੰਮ ਲੋਕ ਸਮਰਪਿਤ ਕੀਤੇ ਗਏ।

CATEGORIES
Share This

COMMENTS

Wordpress (0)
Disqus ( )
Translate