ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਸਾਢੇ ਤਿੰਨ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਸਕੂਲਾਂ ਵਿੱਚ ਉਦਘਾਟਨ

ਪਿੰਡਾਂ ਦੇ ਵਿਕਾਸ ਲਈ 96 ਲੱਖ ਰੁਪਏ ਦੀ ਹੋਰ ਗਰਾਂਟ ਦੇਣ ਦਾ ਕੀਤਾ ਐਲਾਨ
ਸੀਤੋ ਗੁੰਨੋ 16 ਅਪ੍ਰੈਲ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਅੱਜ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਸੀਤੋ ਗੁੰਨੋ ਅਤੇ ਹਿੰਮਤਪੁਰਾ ਦਾ ਦੌਰਾ ਕਰਕੇ ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ 3 ਕਰੋੜ 52 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਲੋਕ ਸਮਰਪਿਤ ਕੀਤੇ ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਦੇ ਵੀ ਸਕੂਲਾਂ ਲਈ ਇਨੀ ਗਰਾਂਟ ਨਹੀਂ ਆਈ ਸੀ। ਉਨਾਂ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ 100 ਕਰੋੜ ਰੁਪਏ ਤੋਂ ਜਿਆਦਾ ਸਿਰਫ ਸਕੂਲਾਂ ਵਿੱਚ ਭੇਜੇ ਗਏ ਹਨ ਅਤੇ 15 ਕਰੋੜ ਰੁਪਏ ਨਾਲ ਪਿੰਡ ਸੁਖਚੈਨ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਰਕਾਰੀ ਕਾਲਜ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਬੱਲੂਆਣਾ ਹਲਕੇ ਨਾਲ ਭੇਦਭਾਵ ਕਰਦੀਆਂ ਰਹੀਆਂ ਹਨ ਪਰ ਵਰਤਮਾਨ ਸਰਕਾਰ ਹਲਕੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੀ ਉਤਰ ਰਹੀ ਹੈ।
ਵਿਧਾਇਕ ਨੇ ਕਿਹਾ ਕਿ ਸਿੱਖਿਆ ਖੇਤਰ ਦੇ ਉਥਾਨ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਅਧਿਆਪਕਾਂ ਨੂੰ ਵਿਸ਼ਵ ਵਿਆਪੀ ਸੰਸਥਾਵਾਂ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਸਾਡੇ ਵਿਦਿਆਰਥੀਆਂ ਨੂੰ ਬਿਹਤਰ ਅਧਿਆਪਣ ਦਿੱਤਾ ਜਾ ਸਕੇ।
ਇਸ ਮੌਕੇ ਗੁਰਿੰਦਰ ਸਿੰਘ ਨੋਡਲ ਅਫਸਰ, ਡੀਐਨਓ ਵਿਜੇਪਾਲ ਸੀਐਚਟੀ ਅਭਿਜੀਤ ਵਧਵਾ,  ਅਕਸ਼ੇ ਬਿਸ਼ਨੋਈ ਤੋਂ ਇਲਾਵਾ ਹੋਰ ਇਲਾਕੇ ਦੇ ਆਗੂ ਹਾਜ਼ਰ ਸਨ।

ਸਕੂਲਾਂ ਅਤੇ ਪਿੰਡਾਂ ਦੇ ਵਿਕਾਸ ਲਈ ਇਸ ਪ੍ਰਕਾਰ ਕੀਤਾ ਜਾ ਰਿਹਾ ਹੈ ਖਰਚ
ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੀਤੋ ਗੁਨੋ ਵਿਖੇ ਇਕ ਕਰੋੜ 58 ਲੱਖ 54 ਹਜਾਰ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੀਤੋ ਗੁਨੋ ਵਿਖੇ 1 ਕਰੋੜ 53 ਲੱਖ 48 ਹਜਾਰ ਦੇ ਕੰਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ਵਿੱਚ 24.55 ਲੱਖ ਰੁਪਏ ਅਤੇ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਵਿੱਚ 15.46 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਵਿਧਾਇਕ ਵੱਲੋਂ ਕੀਤਾ ਗਿਆ। ਵਿਧਾਇਕ ਵੱਲੋਂ ਪਿੰਡ ਸੀਤੋ ਗੁਨੋ ਦੇ ਵੱਖ-ਵੱਖ ਹੋਰ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਅਤੇ ਹਿੰਮਤਪੁਰਾ ਪਿੰਡ ਦੇ ਹੋਰ ਵਿਕਾਸ ਕਾਰਜਾਂ ਲਈ 46 ਲੱਖ ਰੁਪਏ ਪੰਚਾਇਤ ਨੂੰ ਦੇਣ ਦਾ ਐਲਾਨ ਵੀ ਇਸ ਮੌਕੇ ਕੀਤਾ ਗਿਆ।।

CATEGORIES
Share This

COMMENTS

Wordpress (0)
Disqus ( )
Translate