ਜ਼ਿਲ੍ਹਾ ਬਰਨਾਲਾ ਦੇ ਅਕਾਸ਼ਦੀਪ ਨੇ 20 ਕਿਲੋਮੀਟਰ ਪੈਦਲ ਤੋਰ ‘ਚ ਬਣਾਇਆ ਨੈਸ਼ਨਲ ਰਿਕਾਰਡ, ਖੇਡ ਮੰਤਰੀ ਨੇ ਦਿੱਤੀ ਵਧਾਈ
ਬਰਨਾਲਾ/ਤਪਾ, 14 ਫਰਵਰੀ
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1 ਘੰਟਾ 20 ਮਿੰਟ ਦੇ ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ। ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅਕਾਸ਼ਦੀਪ ਨੂੰ ਮੁਬਾਰਕਬਾਦ ਦਿੱਤੀ।
ਖੇਡ ਮੰਤਰੀ ਨੇ ਕਿਹਾ ਕਿ ਅਕਾਸ਼ਦੀਪ ਸਿੰਘ ਨੇ ਜ਼ਿਲ੍ਹੇ ਦਾ ਨਾਮ ਕੌਮੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਅਕਾਸ਼ਦੀਪ ਨੇ ਇਹ ਪ੍ਰਾਪਤੀ ਰਾਂਚੀ ਵਿਖੇ 10ਵੀੰ ਇੰਡੀਅਨ ਓਪਨ ਰੇਸ ਵਾਕਿੰਗ ਮੁਕਾਬਲੇ ਵਿੱਚ ਕੀਤੀ ਹੈ। ਇਸ ਪ੍ਰਾਪਤੀ ਲਈ ਖੇਡ ਮੰਤਰੀ ਨੇ ਅਕਾਸ਼ਦੀਪ ਸਿੰਘ, ਉਸ ਦੇ ਮਾਪਿਆਂ ਤੇ ਕੋਚ ਜਸਪ੍ਰੀਤ ਸਿੰਘ ਨੂੰ ਵਧਾਈ ਦਿੱਤੀ।
ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਰੇੇਸ ਵਾਕ ’ਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਬੰਗਲੌਰ ’ਚ ਪੰਜਾਬ ਦੀ ਝੋਲੀ ਸੋਨ ਤਗਮਾ ਪਾਇਆ ਸੀ। ਇਸ ਤੋਂ ਇਲਾਵਾ ਰਾਂਚੀ (ਝਾਰਖੰਡ) ਵਿਖੇ ਕਰਵਾਈ ਗਈ ‘ਓਪਨ ਨੈਸ਼ਨਲ 20 ਕਿਲੋਮੀਟਰ ਰੇਸ ਵਾਕ ਚੈਪਨੀਅਨਸ਼ਿਪ’ ਵਿਚ ਅਕਾਸ਼ਦੀਪ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਤੇ ਕੌਮੀ ਪੱਧਰ ‘ਤੇ ਹੋਰ ਕਈ ਪ੍ਰਾਪਤੀਆਂ ਕੀਤੀਆਂ ਹਨ।