ਪੰਜਾਬ ਰਾਜ ਭਵਨ ਵਿਖੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸਥਾਪਨਾ ਦਿਵਸ

ਦੋਵਾਂ ਰਾਜਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਰਿਹਾ ਮੁੱਖ ਵਿਸ਼ਾ

ਚੰਡੀਗੜ੍ਹ, 20 ਫਰਵਰੀ

ਅੱਜ ਪੰਜਾਬ ਰਾਜ ਭਵਨ ਵਿਖੇ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸਥਾਪਨਾ ਦਿਵਸ ਮਨਾਇਆ ਗਿਆ। ਇਨ੍ਹਾਂ ਜਸ਼ਨਾਂ ਨੇ ਭਾਰਤ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨੂੰ ਇੱਕ ਸਾਂਝੇ ਪਲੇਟਫਾਰਮ ’ਤੇ ਲਿਆਉਣ ਅਤੇ ‘ਏਕ ਭਾਰਤ, ਸ਼ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਜੀਵੰਤ ਰਹ-ਰੀਤਾਂ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ, ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਰਾਜਾਂ ਦੀਆਂ ਸੱਭਿਆਚਾਰਕ, ਭੂਗੋਲਿਕ ਅਤੇ ਇਤਿਹਾਸਕ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਜਿਹੇ ਸਮਾਗਮ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ।

ਅਰੁਣਾਚਲ ਪ੍ਰਦੇਸ਼ ਨੂੰ ‘‘ਚੜ੍ਹਦੇ ਸੂਰਜ ਦੀ ਧਰਤੀ ’’ ਦੱਸਦੇ ਹੋਏ, ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਪਹਿਲਾ ਰਾਜ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਪਹਿਲਾਂ ਪਹੁੰਚਦੀਆਂ ਹਨ। ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਨੂੰ ਵੀ ਧਿਆਨ ਵਿੱਚ ਲਿਆਂਦਾ, ਜਿੱਥੇ ਰਿਸ਼ੀ ਪਰਸ਼ੂਰਾਮ ਨੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕੀਤਾ, ਅਤੇ ਰਿਸ਼ੀ ਵਿਆਸ ਨੇ ਧਿਆਨ ਸਾਧਨਾ ਕੀਤੀ ਅਤੇ ਭਗਵਾਨ ਕ੍ਰਿਸ਼ਨ ਨੇ ਰੁਕਮਣੀ ਨਾਲ ਵਿਆਹ ਕੀਤਾ।

ਰਾਜਪਾਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ‘‘ਏਕ ਭਾਰਤ, ਸ੍ਰੇਸ਼ਠ ਭਾਰਤ’’ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸਨੂੰ ਇੱਕ ਵਿਲੱਖਣ ਵਿਚਾਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਵਿਚਾਰ ਪੂਰੇ ਦੇਸ਼ ਨੂੰ ਏਕਤਾ ਦੇ ਲੜੀ ਵਿੱਚ ਪਰੋਂਦਾ ਹੈ ਅਤੇ ਸਾਰੇ ਰਾਜਾਂ ਦੀ ਵਿਸ਼ਾਲ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਜਾਣਨ ਅਤੇ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਇਸ ਪਹਿਲਕਦਮੀ ਨੂੰ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੀਆਂ ਖੇਤੀਬਾੜੀ ਉਤਪਾਦਨ ਵਿਸ਼ੇਸ਼ਤਾਵਾਂ ’ਤੇ ਵੀ ਚਾਨਣਾ ਪਾਇਆ ਅਤੇ ਇਸਨੂੰ ‘‘ਭਾਰਤ ਦਾ ਫਲ ਭੰਡਾਰ’’ ਕਿਹਾ, ਜਿੱਥੇ ਸੰਤਰੇ, ਕੀਵੀ ਅਤੇ ਵੱਡੀ ਇਲਾਇਚੀ ਵਰਗੀਆਂ ਮਹੱਤਵਪੂਰਨ ਫਸਲਾਂ ਉਗਾਈਆਂ ਜਾਂਦੀਆਂ ਹਨ।

ਮਿਜ਼ੋਰਮ ਬਾਰੇ ਬੋਲਦੇ ਹੋਏ, ਰਾਜਪਾਲ ਨੇ ਇਸਦੀਆਂ ਵਿਲੱਖਣ ਪਰੰਪਰਾਵਾਂ ਅਤੇ ਮਜ਼ਬੂਤ ਭਾਈਚਾਰਕ ਸਾਂਝ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ  ਕਿ ਕਿਵੇਂ ਮਿਜ਼ੋਰਮ ਦੇ ਲੋਕਾਂ ਨੇ ਤਰੱਕੀ ਨੂੰ ਅਪਣਾਉਂਦੇ ਹੋਏ ਆਪਣੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਿਆ ਹੈ। ਸਿੱਖਿਆ, ਸਮਾਜਿਕ ਸਦਭਾਵਨਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਰਾਜ ਦਾ ਸਮਰਪਣ ਇਸਨੂੰ ਦੂਜਿਆਂ ਲਈ ਪਾਲਣਾ ਕਰਨ ਲਈ ਇੱਕ ਮਾਡਲ ਬਣਾਉਂਦਾ ਹੈ। ਉਨ੍ਹਾਂ ਨੇ ਮਿਜ਼ੋਰਮ ਦੇ ਰਾਸ਼ਟਰ ਪ੍ਰਤੀ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਹੋਰ ਲੋਕਾਂ ਨੂੰ ਇਸਦੀ ਸੱਭਿਆਚਾਰਕ ਅਮੀਰੀ ਦੀ ਪੜਚੋਲ ਕਰਨ ਅਤੇ ਕਦਰ ਕਰਨ ਲਈ ਉਤਸ਼ਾਹਿਤ ਕੀਤਾ।

ਪ੍ਰੋਗਰਾਮ ਦੌਰਾਨ, ਦੋਵਾਂ ਰਾਜਾਂ ਨਾਲ ਸਬੰਧਤ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ, ਜਿਸ ਨਾਲ ਲੋਕਾਂ ਨੂੰ ਇਨ੍ਹਾਂ ਰਾਜਾਂ ਦੇ ਸੱਭਿਆਚਾਰਕ ਅਤੇ ਇਤਿਹਾਸਕ ਇਤਿਹਾਸ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੇ ਰਵਾਇਤੀ ਲੋਕ ਨਾਚ ਅਤੇ ਸੰਗੀਤ ਸ਼ਾਮਲ ਸਨ, ਜਿਸ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰੀ ਰੱਖਿਆ।

ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਮੇਅਰ ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ, ਮੁੱਖ ਸਕੱਤਰ ਸ਼੍ਰੀ ਰਾਜੀਵ ਵਰਮਾ, ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਕੇ. ਸਿਵਾ ਪ੍ਰਸਾਦ, ਰਾਜਪਾਲ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਡੀਜੀਪੀ ਚੰਡੀਗੜ੍ਹ ਸ਼੍ਰੀ ਸੁਰੇਂਦਰ ਸਿੰਘ ਯਾਦਵ, ਸਿੱਖਿਆ ਸਕੱਤਰ ਸ਼੍ਰੀਮਤੀ ਪ੍ਰੇਰਨਾ ਪੁਰੀ, ਸਿਹਤ ਸਕੱਤਰ ਸ਼੍ਰੀ ਅਜੈ ਚਗਤੀ, ਪ੍ਰਸ਼ਾਸਕ ਦੇ ਵਿਸ਼ੇਸ਼ ਸਕੱਤਰ ਸ਼੍ਰੀ ਅਭਿਜੀਤ ਵਿਜੇ ਚੌਧਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate