ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਨੂੰ ਯੂਕੇ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਨਿਰਿਆਤ ਕਰਨ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨਾਲ ਵਿਚਾਰ ਵਿਟਾਂਦਰਾ ਕੀਤਾ

ਚੰਡੀਗੜ੍ਹ 6 ਫਰਵਰੀ


ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆਪਣੇ ਇਸ ਦੋਰੇ ਨੂੰ ਇੱਕ ਯਾਦਗਾਰ ਦੌਰਾ ਦੱਸਿਆ। ਕੈਰੋਲੀਨ ਨੇ ਕਿਹਾ ਕਿ ਉਸਨੇ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਮੁਲਕਾਂ ਚ ਕੰਮ ਕੀਤਾ ਹੈ।

ਸਪੀਕਰ ਨੇ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਨੂੰ ਨਿਰਿਆਤ ਕਰਨ ਦੇ ਮੁੱਦੇ ਉੱਤੇ ਉਹਨਾਂ ਨਾਲ ਚਰਚਾ ਕੀਤੀ ਅਤੇ ਉਨਾਂ ਦਾ ਸਹਿਯੋਗ ਮੰਗਿਆ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਦਾ ਜੋ ਸਵਾਦ ਹੈ ਉਹ ਵਿਸ਼ਵ ਦੇ ਹੋਰ ਕਿਸੇ ਪਾਸੇ ਨਹੀਂ ਮਿਲੇਗਾ। ਉਹਨਾਂ ਕਿਹਾ ਕਿ ਫਿਰੋਜ਼ਪੁਰ ਦੀ ਲਾਲ ਮਿਰਚ ਦੇਸ਼ ਦੀ ਸਭ ਤੋਂ ਵਧੀਆ ਮਿਰਚ ਹੈ। ਉਹਨਾਂ ਕਿਹਾ ਕਿ ਉਹ ਐਗਰੀਕਲਚਰ ਪ੍ਰੋਸੈਸਿੰਗ ਨੂੰ ਹੋਰ ਬੇਹਤਰ ਬਣਾਉਣ ਵਾਸਤੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੀ ਖੇਤੀਬਾੜੀ ਨੂੰ ਉੱਪਰ ਚੁੱਕਣ ਵਾਸਤੇ ਯਤਨ ਕਰ ਰਹੇ ਹਨ ਅਤੇ ਪਰਾਲੀ ਸਾੜਨ ਨੂੰ ਖਤਮ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ।

ਮੀਟਿੰਗ ਵਿੱਚ ਮੁੱਖ ਚੁਣੌਤੀਆਂ ਦਾ ਹੱਲ ਕੱਢਣ ਅਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਪੀਕਰ ਜੀ ਅਤੇ ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਗੈਰ-ਕਾਨੂੰਨੀ ਪ੍ਰਵਾਸ ਅਤੇ ਇਮੀਗ੍ਰੇਸ਼ਨ ਧੋਖਾਧੜੀਆਂ ਨੂੰ ਰੋਕਣ ਲਈ ਸਮੂਹਿਕ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਸਪੀਕਰ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੂੰ ਆਪਣੇ ਘਰ ਵੀ ਲੈ ਕੇ ਗਏ ਜਿੱਥੇ ਕਿ ਉਹਨਾਂ ਨੇ ਆਪਣੇ ਬਗੀਚੇ ਵਿੱਚ ਉੱਗੀਆਂ ਔਰਗੈਨਿਕ ਸਬਜ਼ੀਆਂ ਉਹਨਾਂ ਨੂੰ ਵਿਖਾਈਆਂ ਜਿਸ ਨੂੰ ਵੇਖ ਕੇ ਕੈਰੋਲੀਨ ਅਦਭੁਤ ਮਹਿਸੂਸ ਕਰ ਰਹੀ ਸੀ। ਕੈਰੋਲੀਨ ਨੇ ਕਿਹਾ ਕਿ ਉਹਨਾਂ ਦਾ ਇਹ ਦੌਰਾ ਇੱਕ ਯਾਦਗਾਰ ਦੌਰਾ ਹੈ। ਇਸ ਉਪਰੰਤ ਮਾਨਯੋਗ ਸਪੀਕਰ ਨੇ ਉਹਨਾਂ ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ।

ਕੈਰੋਲੀਨ ਵੱਲੋਂ ਸਪੀਕਰ ਨੂੰ ਇੱਕ ਟੇਬਲ ਕੈਲੰਡਰ ਭੇਂਟ ਕੀਤਾ, ਜਿਸ ਵਿੱਚ ਉਹਨਾਂ ਵੱਲੋਂ ਖਿੱਚੀਆਂ ਹੋਈਆਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਲੱਗ ਅਲੱਗ ਸ਼ਹਿਰਾਂ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਹਨ ।

ਸਪੀਕਰ ਨੇ ਉਨਾਂ ਨੂੰ ਇੱਕ ਸ਼ਾਲ,ਸਨਮਾਨ ਪੁਰਸਕਾਰ ਅਤੇ ਆਪਨੇ ਬਗੀਚੇ ਵਿੱਚ ਉਗਾਈਆਂ ਔਰਗੈਨਿਕ ਸਬਜ਼ੀਆਂ ਦਾ ਇੱਕ ਟੋਕਰਾ ਭੇਂਟ ਕੀਤਾ।

CATEGORIES
Share This

COMMENTS

Wordpress (0)
Disqus (0 )
Translate