ਪੀ.ਏ.ਯੂ. ਲਈ ਸ਼ਾਨਦਾਰ ਸਫਲਤਾ ਅਤੇ ਸੰਭਾਵਨਾਵਾਂ ਭਰਪੂਰ ਰਿਹਾ ਸਾਲ 2024
ਲੁਧਿਆਣਾ 2 ਜਨਵਰੀ। ਆਪਣੀ ਸਥਾਪਨਾ ਤੋਂ ਹੀ ਪੀ.ਏ.ਯੂ. ਨੇ ਕਿਸਾਨੀ ਅਤੇ ਸਮਾਜ ਦੀ ਬਿਹਤਰੀ ਲਈ ਬੇਹੱਦ ਇਤਿਹਾਸਕ ਕਾਰਜ ਕੀਤਾ। ਦੇਸ਼ ਨੂੰ ਅਨਾਜ ਦੀ ਕਮੀ ਨਾਲ ਜੂਝਦੇ ਹਾਲਾਤ ਵਿੱਚੋਂ ਕੱਢ ਕੇ ਅੰਨ ਭੰਡਾਰਾਂ ਦੀ ਭਰਪੂਰਤਾ ਤੱਕ ਲਿਜਾਣ ਵਿਚ ਪੀ.ਏ.ਯੂ. ਦਾ ਯੋਗਦਾਨ ਬੇਮਿਸਾਲ ਰਿਹਾ। ਇਸ ਕਾਰਜ ਲਈ ਜਿੱਥੇ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੇ ਭਰਪੂਰ ਕਾਰਜ ਕੀਤਾ, ਉੱਥੇ ਕਿਸਾਨਾਂ ਵੱਲੋਂ ਵੀ ਸ਼ਿਫ਼ਾਰਸ਼ ਕੀਤੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਨਵੇਂ ਖੇਤੀ ਢੰਗਾਂ ਨੂੰ ਅਪਣਾ ਕੇ ਵਾਧੂ ਉਤਪਾਦਨ ਦੇ ਰਾਹ ਵੱਲ ਤੁਰਿਆ ਗਿਆ।
ਅਜੋਕਾ ਸਮਾਂ ਭਾਵੇਂ ਖੇਤੀ ਖੇਤਰ ਲਈ ਬਦਲਵੇਂ ਹਾਲਾਤ ਵਾਲਾ ਹੈ। ਵਰਤਮਾਨ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਖੇਤੀ ਨੂੰ ਦਰਪੇਸ਼ ਹਨ। ਇਸ ਦੇ ਬਾਵਜੂਦ ਪੀ.ਏ.ਯੂ. ਦੇ ਮਾਹਿਰ ਨਵੇਂ ਯੁੱਗ ਵਿਚ ਨਵੇਂ ਢੰਗਾਂ ਨੂੰ ਵਿਕਸਿਤ ਕਰਨ ਅਤੇ ਸਮੇਂ ਅਨੁਸਾਰ ਨਵੀਆਂ ਖੇਤੀ ਯੁਕਤਾਂ ਦੀ ਤਲਾਸ਼ ਕਰਨ ਲਈ ਤਤਪਰ ਹਨ। ਲੰਘੇ ਸਾਲ 2024 ਵਿਚ ਵੀ ਪੀ.ਏ.ਯੂ. ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਜਾਰੀ ਰੱਖਦਿਆਂ ਸਫਲਤਾ ਦੀਆਂ ਪੈੜਾਂ ਨੂੰ ਗੂੜ੍ਹਾ ਕੀਤਾ ਅਤੇ ਨਾਲ ਹੀ ਭਵਿੱਖ ਦੀ ਖੇਤੀ ਵੱਲ ਲਿਜਾਣ ਦਾ ਸੰਭਾਵਨਾਵਾਂ ਭਰਪੂਰ ਰਾਹ ਵੀ ਪੱਧਰਾ ਕੀਤਾ। ਖੇਤੀ ਖੋਜ, ਪਸਾਰ ਅਤੇ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਇਸ ਵਰ੍ਹੇ ਨਿਰੰਤਰ ਜਾਰੀ ਰਹੀਆਂ।
ਨੈਸ਼ਨਲ ਇੰਸਟੀਚਿਊਟਸ਼ਨਲ ਰੈਂਕਿੰਗ ਫਰੇਮ ਵਰਕ (ਐੱਨ ਆਈ ਆਰ ਐੱਫ) ਵੱਲੋਂ 2024 ਦੀ ਰੈਂਕਿੰਗ ਵਿਚ ਪੀ.ਏ.ਯੂ. ਨੂੰ ਦੇਸ਼ ਦੀਆਂ 75 ਯੂਨੀਵਰਸਿਟੀਆਂ ਵਿੱਚੋਂ ਲਗਾਤਾਰ ਦੂਸਰੇ ਸਾਲ ਸਿਖਰਲਾ ਸਥਾਨ ਮਿਲਿਆ। ਇਸਦੇ ਨਾਲ ਹੀ ਰਾਸ਼ਟਰੀ ਖੇਤੀ ਸਿੱਖਿਆ ਪੜਚੋਲ ਬੋਰਡ ਨੇ 2024 ਤੋਂ 2029 ਤੱਕ ਦੀ ਰੈਂਕਿੰਗ ਲਈ ਪੁਰਸਕਾਰ ਪ੍ਰਦਾਨ ਕੀਤਾ। ਪੀ.ਏ.ਯੂ. ਨੇ ਸਮੁੱਚੇ ਰੂਪ ਵਿਚ 4 ਵਿੱਚੋਂ 3.59 ਦੀ ਰੈਂਕਿੰਗ ਹਾਸਲ ਕੀਤੀ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ A+ ਦੀ ਰੈਂਕਿੰਗ ਹਾਸਲ ਕੀਤੀ। ਨਾਲ ਹੀ ਯੂਨੀਵਰਸਿਟੀਆਂ ਦੇ ਕਾਲਜ ਨੂੰ ਵੀ ਮਾਣਤਾ ਪ੍ਰਾਪਤ ਹੋਈ।
ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਸਲਾਨਾ ਬਜਟ ਵਿਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਖੋਜ, ਅਧਿਆਪਨ ਅਤੇ ਪਸਾਰ ਪ੍ਰੋਗਰਾਮਾਂ ਦੇ ਵਾਧੇ ਲਈ 2024-25 ਵਿਚ 40 ਕਰੋੜ ਰੁਪਏ ਦੀ ਵਾਧੂ ਇਮਦਾਦ ਹਾਸਲ ਹੋਈ।
ਇਸਦੇ ਨਾਲ ਹੀ ਯੂਨੀਵਰਸਿਟੀ ਦੇ ਕਈ ਕੇਂਦਰਾਂ ਨੂੰ ਸਰਵ ਭਾਰਤੀ ਕੁਆਰਡੀਨੇਟਿਡ ਖੋਜ ਪ੍ਰੋਜੈਕਟਾਂ ਵਿਚ ਸਰਵੋਤਮ ਕੇਂਦਰਾਂ ਵਜੋਂ ਸੁਣਿਆ ਗਿਆ, ਜਿਨ੍ਹਾਂ ਵਿਚ ਸਰਵੋਤਮ ਚਾਰਾ ਫਸਲਾਂ ਕੇਂਦਰ ਐਵਾਰਡ 2024 ਅਤੇ ਸਰਵੋਤਮ ਪ੍ਰੋਜੈਕਟ ਕੇਂਦਰ (ਚੌਲਾਂ ਦੀ ਕਾਸ਼ਤ) ਅਤੇ ਸਮੁੱਚੇ ਰੂਪ ਵਿਚ ਸਰਵੋਤਮ ਏ ਆਈ ਸੀ ਆਰ ਪੀ ਕੇਂਦਰ ਸ਼ਾਮਿਲ ਹਨ।
ਨਾਲ ਹੀ ਯੂਨੀਵਰਸਿਟੀ ਦੇ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਨੂੰ ਵੀ 2023-24 ਅਤੇ 2024-25 ਲਈ ਸਰਵੋਤਮ ਕੇਂਦਰ ਦਾ ਪੁਰਸਕਾਰ ਹਾਸਲ ਹੋਇਆ।
ਭਾਰਤੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਨੂੰ ਸਰਵੋਤਮ ਕੇਂਦਰ 2024 ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪ੍ਰਾਪਤੀਆਂ ਬੇਹੱਦ ਮਾਣ ਕਰਨ ਵਾਲੀਆਂ ਹਨ।
ਇਸ ਵਰ੍ਹੇ ਕਈ ਵੱਡੀਆਂ ਹਸਤੀਆਂ ਨੇ ਪੀ.ਏ.ਯੂ. ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ। ਇਹਨਾਂ ਵਿਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ, ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ ਏ ਪੀ ਸਿਨਹਾ ਆਈ ਏ ਐੱਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ, ਸੈਰ-ਸਪਾਟਾ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਧ ਤੋਂ ਇਲਾਵਾ ਲੋਕ ਸਭਾ ਦੇ ਮੈਂਬਰ ਸ. ਮਾਲਵਿੰਦਰ ਸਿੰਘ ਕੰਗ ਅਤੇ ਲੁਧਿਆਣਾ ਨਾਲ ਸੰਬੰਧਤ ਵੱਖ-ਵੱਖ ਵਿਧਾਇਕ ਦਾ ਨਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਲਾਏ ਜਾਂਦੇ ਮੇਲਿਆਂ ਵਿਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿਧਾਇਕ ਅਤੇ ਸਥਾਨਕ ਆਗੂ ਸ਼ਾਮਿਲ ਹੁੰਦੇ ਰਹੇ।
ਇਸ ਵਰ੍ਹੇ ਪੀ.ਏ.ਯੂ. ਨੇ ਮਾਰਚ ਵਿਚ ਸਾਉਣੀ ਦੀਆਂ ਫ਼ਸਲਾਂ ਅਤੇ ਸਤੰਬਰ ਵਿਚ ਹਾੜੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਆਯੋਜਿਤ ਕੀਤੇ। ਇਹਨਾਂ ਮੇਲਿਆਂ ਦੌਰਾਨ ਪੰਜਾਬ ਭਰ ਦੇ ਖੇਤੀ ਮੌਸਮ ਜ਼ੋਨਾਂ ਦੇ ਕਿਸਾਨਾਂ ਨੂੰ ਉਹਨਾਂ ਦੇ ਇਲਾਕੇ ਮੁਤਾਬਿਕ ਫਸਲਾਂ ਦੀ ਕਾਸ਼ਤ ਲਈ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੇ ਸੁਝਾਅ ਦਿੱਤੇ ਗਏ। ਨਾਲ ਹੀ ਪੀ.ਏ.ਯੂ. ਨੇ ਇਸ ਵਰ੍ਹੇ ਕਿਸਾਨਾਂ ਨੂੰ ਮੁੱਖ ਫਸਲਾਂ, ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਕਿਸਮਾਂ ਦੀ ਸਿਫ਼ਾਰਸ਼ ਦੀ ਕਾਸ਼ਤ ਕੀਤੀ। ਇਹਨਾਂ ਵਿਚ ਕਣਕ ਦੀ ਕਿਸਮ ਪੀ.ਏ.ਯੂ. ਬਿਸਕੁਟ-1, ਜਵੀ ਦੀ ਕਿਸਮ ਓ ਐੱਲ 17, ਕਨੌਲਾ ਗੋਭੀ ਸਰ੍ਹੋਂ ਦੀ ਕਿਸਮ ਪੀ ਜੀ ਐੱਸ ਐੱਚ-2155, ਰਾਇਆ ਸਰ੍ਹੋਂ ਦੀ ਕਿਸਮ ਪੀ ਐੱਚ ਆਰ-127 ਅਤੇ ਪੂਸਾ ਬਾਸਮਤੀ 1847, ਚਾਰਾ ਮੱਕੀ ਦੀ ਕਿਸਮ ਜੇ-1008, ਚਾਰੇ ਦੀ ਕਿਸਮ ਪੀ ਸੀ ਬੀ-167, ਮੋਟੇ ਅਨਾਜ ਦੀ ਕਿਸਮ ਪੰਜਾਬ ਚੀਨਾ-1, ਬੈਂਗਣਾਂ ਦੀ ਕਿਸਮ ਪੀ ਬੀ ਐੱਚ ਐੱਲ-56, ਤਰਬੂਜ਼ ਦੀ ਕਿਸਮ ਪੰਜਾਬ ਮਿਠਾਸ, ਖਰਬੂਜ਼ੇ ਦੀ ਕਿਸਮ ਪੰਜਾਬ ਅੰਮ੍ਰਿਤ ਅਤੇ ਜਾਮਣਾਂ ਦੀਆਂ ਕਿਸਮਾਂ ਕੋਂਕਣ, ਬਾਹਾਦੋਲੀ ਅਤੇ ਗੋਮਾ ਪ੍ਰਿਅੰਕਾ ਪ੍ਰਮੁੱਖ ਹਨ।
ਇਸਦੇ ਨਾਲ ਹੀ ਪੀ.ਏ.ਯੂ. ਨੇ ਇਸ ਵਰ੍ਹੇ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਮੁਹੱਈਆ ਕਰਵਾਈਆਂ। ਇਹਨਾਂ ਵਿਚ ਪਰਾਲੀ ਦੀ ਸੰਭਾਲ ਲਈ ਨਵੀਂ ਤਕਨਾਲੋਜੀ ਮਿੱਤਰ ਸੀਡਰ ਸ਼ਾਮਿਲ ਹੈ। ਦੋ ਨਵੀਆਂ ਮਸ਼ੀਨਾਂ ਜਿਨ੍ਹਾਂ ਵਿਚ ਰਿਮੋਟ ਨਾਲ ਚੱਲਣ ਵਾਲਾ ਪੈਡੀ ਟਰਾਂਸਪਲਾਂਟਰ ਅਤੇ ਬਾਇਓਮਾਸ ਇਨਕਾਰਪੋਰੇਟਰ, ਜੋ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਵਿਕਸਿਤ ਕੀਤੀਆਂ ਹਨ, ਵੀ ਸਿਫ਼ਾਰਸ਼ ਕੀਤੀਆਂ ਗਈਆਂ।
ਪੀ.ਏ.ਯੂ. ਦੇ ਬਹੁਤ ਸਾਰੇ ਮਾਹਿਰਾਂ ਨੂੰ ਮਾਣਮੱਤੇ ਖੋਜ ਪ੍ਰੋਜੈਕਟ ਹਾਸਲ ਹੋਏ ਜਿਨ੍ਹਾਂ ਵਿਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਮਾਹਿਰਾਂ ਨੂੰ ਸਟਾਰਚ ਮੁਕਤ ਕਣਕ ਦੀ ਕਿਸਮ ਬਾਰੇ ਖੋਜ ਲਈ ਅਤੇ ਬਾਇਓਤਕਨਾਲੋਜੀ ਵਿਭਾਗ, ਵਿਿਗਆਨ ਤਕਨਾਲੋਜੀ ਮੰਤਰਾਲੇ ਵੱਲੋਂ ਕੁੰਗੀਆਂ ਤੋਂ ਮੁਕਤ ਕਣਕ ਦੀ ਕਿਸਮ ਬਾਰੇ ਖੋਜ ਲਈ ਮਿਲਣ ਵਾਲੇ ਪ੍ਰੋਜੈਕਟ ਪ੍ਰਮੁੱਖ ਹਨ। ਇਸ ਤੋਂ ਇਲਾਵਾ ਭੋਜਨ ਅਤੇ ਪੋਸ਼ਣ ਵਿਭਾਗ ਨੂੰ ਸਿੱਖਿਆ ਮੰਤਰਾਲੇ ਤੋਂ ਦੋ ਖੋਜ ਪ੍ਰੋਜੈਕਟ ਹਾਸਲ ਹੋਏ। ਨਾਬਾਰਡ ਨੇ ਖੇਤਰੀ ਖੋਜ ਕੇਂਦਰ ਫਰੀਦਕੋਟ ਅਤੇ ਪੀ.ਏ.ਯੂ. ਲੁਧਿਆਣਾ ਨੂੰ ਡਰੈਗਨ ਫਰੂਟ ਨੂੰ ਪ੍ਰਵਾਨ ਕਰਾਉਣ ਲਈ ਖੋਜ ਪ੍ਰੋਜੈਕਟ ਨਾਲ ਨਿਵਾਜ਼ਿਆ।
ਇਸ ਵਰ੍ਹੇ ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨੇ ਵੱਕਾਰੀ ਪੁਰਸਕਾਰਾਂ ਨਾਲ ਨਿਵਾਜ਼ਿਆ। ਇਹਨਾਂ ਮਾਹਿਰਾਂ ਵਿਚ ਡਾ. ਪ੍ਰਵੀਨ ਛੁਨੇਜਾ ਨੂੰ ਨਾਸ ਵੱਲੋਂ ਫੈਲੋਸ਼ਿਪ ਹਾਸਲ ਕਰਨ ਵਾਲੇ ਪਹਿਲੇ ਔਰਤ ਵਿਗਿਆਨੀ ਹੋਣ ਦਾ ਮਾਣ ਹਾਸਲ ਹੋਇਆ। ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੂੰ ਪ੍ਰੋਫੈਸਰ ਮਨਜੀਤ ਸਿੰਘ ਛੀਨਨ ਪ੍ਰੋਫੈਸਰ ਚੇਅਰ ਐਵਾਰਡ ਚਾਰ ਸਾਲਾਂ ਲਈ ਪ੍ਰਦਾਨ ਕੀਤਾ ਗਿਆ। ਡਾ. ਸਤਿੰਦਰ ਕੌਰ ਨੂੰ ਡਾ. ਐੱਸ ਕੇ ਵਾਸਲ ਪੁਰਸਕਾਰ ਪਲਾਂਟ ਜੈਨੇਟਿਕਸ ਸਰੋਤਾਂ ਬਾਰੇ ਭਾਰਤੀ ਸੁਸਾਇਟੀ ਨੇ ਪ੍ਰਦਾਨ ਕੀਤਾ। ਪੀ.ਏ.ਯੂ. ਦੇ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੂੰ 2024 ਲਈ ਸਰਵੋਤਮ ਲਾਈਬ੍ਰੇਰੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਨੂੰ ਮਿਲਣ ਵਾਲੇ ਵੱਕਾਰੀ ਇਨਾਮਾਂ ਵਿਚ 10 ਵਿਦਿਆਰਥੀ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਸ਼ੁਸ਼ੋਭਿਤ ਹੋਏ। ਇਹਨਾਂ ਵਿਚ ਅਮਨ ਕੁਮਾਰ, ਆਯੂਸ਼ ਗੁਪਤਾ, ਹਰਵੀਰ ਸਿੰਘ, ਪ੍ਰਦੀਪ ਬੇਨੀਪਾਲ, ਰਾਜਵਿੰਦਰ ਕੌਰ, ਰਸ਼ਮਿਤਾ ਸੇਕੀਆ, ਰਿਤੂ ਪੂਰਨਾ, ਸਾਤੂ ਮਧੂ, ਸ਼ਿਵਾਨੀ ਉਪਧਿਆਏ ਪ੍ਰਮੁੱਖ ਹਨ।
ਬਹੁਤ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਸਰਵੋਤਮ ਥੀਸਿਸ ਪੁਰਸਕਾਰ, ਜ਼ੁਬਾਨੀ ਪੇਸ਼ਕਾਰੀ ਪੁਰਸਕਾਰ ਅਤੇ ਪੋਸਟਰ ਪੇਸ਼ ਕਰਨ ਦੇ ਪੁਰਸਕਾਰ ਜਿੱਤੇ।
ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਵਿਿਦਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਤਿਫਾਨ-2024 ਵਿਚ ਹਿੱਸਾ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਸਾਲ ਪੀ.ਏ.ਯੂ. ਵਿਚ ਦਾਖਲੇ ਲਈ 5456 ਵਿਦਿਆਰਥੀਆਂ ਨੇ ਬਿਨੈ ਪੱਤਰ ਦਿੱਤੇ। ਜੋ ਆਪਣੇ ਆਪ ਵਿਚ ਇਕ ਰਿਕਾਰਡ ਅਤੇ ਪੀ.ਏ.ਯੂ. ਦੀ ਸਿਖਰਲੀ ਸਥਿਤੀ ਦਾ ਪ੍ਰਮਾਣ ਹੈ।
ਪ੍ਰਬੰਧਕੀ ਬੋਰਡ ਵਿਚ ਦੋ ਨਵੇਂ ਮੈਂਬਰ ਸ਼ਾਮਿਲ ਕੀਤੇ ਗਏ। ਇਹਨਾਂ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਡੀਨ ਡਾ. ਅਸ਼ੋਕ ਕੁਮਾਰ ਅਤੇ ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ. ਦਵਿੰਦਰ ਸਿੰਘ ਚੀਮਾ ਸ਼ਾਮਿਲ ਹਨ।
ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀਆਂ ਨੂੰ ਰਾਸ਼ਟਰੀ ਪੱਧਰ ਤੇ ਪ੍ਰਸਾਰਿਤ ਕਰਨ ਲਈ ਮਸ਼ੀਨਰੀ, ਕਿਸਮਾਂ ਅਤੇ ਤਿਆਰ ਉਤਪਾਦਾਂ ਦੀਆਂ ਬਹੁਤ ਸਾਰੀਆਂ ਸੰਧੀਆਂ ਵੱਖ-ਵੱਖ ਫਰਮਾਂ ਨਾਲ ਹੋਈਆਂ।
ਯੂਨੀਵਰਸਿਟੀ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਵਿਸ਼ੇਸ਼ ਇਮਦਾਦ ਨਾਲ ਗੇਟ ਨੰ. 1 ਤੋਂ ਲੈ ਕੇ ਖੇਤੀਬਾੜੀ ਕਾਲਜ ਸਾਹਮਣੇ ਸਮਾਰਕ ਤੱਕ ਸੜਕ ਨੂੰ ਨਵਿਆਉਣ ਅਤੇ ਚੌੜਾ ਕਰਨ ਦਾ ਪ੍ਰੋਜੈਕਟ ਪੂਰਾ ਕੀਤਾ। ਇਸ ਨੂੰ ਪੀ.ਏ.ਯੂ. ਡਾਇਮੰਡ ਜੁਬਲੀ ਰੋਡ ਨਾਂ ਦਿੱਤਾ ਗਿਆ।
ਕੌਮਾਂਤਰੀ ਪੱਧਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਸੰਸਥਾਵਾਂ ਨਾਲ ਗਠਜੋੜ ਦਾ ਰਾਹ ਪੱਧਰਾ ਕੀਤਾ। ਯੂਨੀਵਰਸਿਟੀ ਦਾ ਇਕ ਉੱਚ ਪੱਧਰੀ ਵਫਦ ਓਹਾਈਓ ਸਟੇਟ ਯੂਨੀਵਰਸਿਟੀ ਦੇ ਦੌਰੇ ਤੇ ਗਿਆ। ਜਿਸ ਵਿਚ ਡਾ. ਗੋਸਲ ਦੇ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਸੰਸਥਾਈ ਸੰਪਰਕ ਦੇ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਸ਼ਾਮਿਲ ਹਨ। ਇਸ ਵਫਦ ਨੇ ਕਾਨਸਾਸ ਰਾਜ ਯੂਨੀਵਰਸਿਟੀ ਮੈਨਹੇਟਨ ਵਿਚ ਏ ਆਈ, ਸੈਂਸਰ ਅਤੇ ਰੋਬੋਟਿਕਸ ਅਧਾਰਿਤ ਖੇਤੀ ਕਾਰਜਾਂ ਦਾ ਜਾਇਜ਼ਾ ਲਿਆ। ਨਾਲ ਹੀ ਆਸਟਰੇਲੀਆ, ਕੈਨੇਡਾ, ਇਜ਼ਰਾਇਲ, ਫਿਲਪਾਈਨਜ਼, ਹਾਲੈਂਡ, ਅਮਰੀਕਾ ਆਦਿ ਦੇਸ਼ਾਂ ਦੇ ਵਫ਼ਦ ਪੀ.ਏ.ਯੂ. ਵਿਖੇ ਵਿਸ਼ੇਸ਼ ਦੌਰਿਆਂ ਤੇ ਆਏ। ਇਹਨਾਂ ਵਫ਼ਦਾਂ ਨੇ ਉੱਚ ਪੱਧਰੀ ਮੁਲਾਕਾਤਾਂ ਦੌਰਾਨ ਅਕਾਦਮਿਕ ਆਦਾਨ ਪ੍ਰਦਾਨ ਬਾਰੇ ਚਰਚਾ ਕੀਤੀ।
84 ਹਜ਼ਾਰ ਦੇ ਕਰੀਬ ਦੇਸ਼ ਭਰ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਸਮਾਜਿਕ ਜੀਵਨ ਦੇ ਪੇਂਡੂ ਅਜਾਇਬ ਦਾ ਦੌਰਾ ਕਰਕੇ ਪੁਰਾਤਨ ਸੱਭਿਆਚਾਰ ਦੀ ਝਲਕ ਹਾਸਲ ਕੀਤੀ।
ਇਹ ਵਰ੍ਹਾ ਯੂਨੀਵਰਸਿਟੀ ਵਿਚ ਕੌਮੀ ਅਤੇ ਕੌਮਾਂਤਰੀ ਆਯੋਜਨਾਂ ਪੱਖੋਂ ਵਿਸ਼ੇਸ਼ ਗਿਣਿਆ ਜਾਵੇਗਾ। ਯੂਨੀਵਰਸਿਟੀ ਨੇ 29 ਮਾਰਚ ਤੋਂ 2 ਅਪ੍ਰੈਲ ਤੱਕ 37ਵਾਂ, ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲਾ ਆਯੋਜਿਤ ਕੀਤਾ, ਜਿਸ ਵਿਚ 2500 ਦੇ ਕਰੀਬ ਵਿਦਿਆਰਥੀਆਂ ਨੇ 118 ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕੀਤੀ।
29 ਨਵੰਬਰ ਤੋਂ 2 ਦਸੰਬਰ ਤੱਕ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਯੁਵਕ ਮੇਲਾ ਪੀ.ਏ.ਯੂ. ਵਿਖੇ ਹੋਇਆ। ਇਸ ਵਿਚ 17 ਯੂਨੀਵਰਸਿਟੀਆਂ ਦੇ 2000 ਵਿਦਿਆਰਥੀ ਸ਼ਾਮਿਲ ਹੋਏ।
ਯੂਨੀਵਰਸਿਟੀ ਨੇ ਹਾੜੀ-ਸਾਉਣੀ ਦੀਆਂ ਫਸਲਾਂ ਲਈ ਕਰਵਾਈਆਂ ਜਾਣ ਵਾਲੀਆਂ ਗੋਸ਼ਟੀਆਂ ਤੋਂ ਇਲਾਵਾ ਪਸਾਰ ਮਾਹਿਰਾਂ ਦੀਆਂ ਫਲਾਂ ਅਤੇ ਸਬਜ਼ੀਆਂ ਬਾਰੇ ਗੋਸ਼ਟੀਆਂ ਵੀ ਨਿਰੰਤਰਤਾ ਨਾਲ ਕਰਵਾਈਆਂ। ਨਾਲ ਹੀ ਪੀ.ਏ.ਯੂ. ਵਿਚ ਰਾਸ਼ਟਰ ਪੱਧਰ ਤੇ ਖੇਤੀ ਮਸਲਿਆਂ ਨੂੰ ਵਿਚਾਰਨ ਲਈ ਵਰਕਸ਼ਾਪ ਆਯੋਜਿਤ ਹੋਏ।
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਇਸ ਸਾਲ ਹਾਸਲ ਕੀਤੀ ਸਫਲਤਾ ਉੱਪਰ ਤਸੱਲੀ ਪ੍ਰਗਟ ਕਰਦਿਆਂ ਆਉਣ ਵਾਲੇ ਸਾਲਾਂ ਵਿਚ ਨਿੱਠ ਕੇ ਕਾਰਜ ਕਰਨ ਅਤੇ ਪੰਜਾਬ ਦੇ ਕਿਸਾਨੀ ਸਮਾਜ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਪ੍ਰਣ ਦੁਹਰਾਉਂਦਿਆਂ ਸਮੁੱਚੇ ਕਿਸਾਨੀ ਸਮਾਜ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ।



