ਪ੍ਰਧਾਨ ਮੰਤਰੀ ਦੇ ਕਰੀਬੀ ਰੇਖਾ ਸ਼ਰਮਾ ਨੂੰ ਭਾਜਪਾ ਨੇ ਬਣਾਇਆ ਹਰਿਆਣਾ ਤੋਂ ਰਾਜ ਸਭਾ ਉਮੀਦਵਾਰ

ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕੇ ਹਨ ਰੇਖਾ ਸ਼ਰਮਾ

ਪੰਚਕੁਲਾ 9 ਦਸੰਬਰ।
ਹਰਿਆਣਾ ਤੋਂ ਰਾਜਸਭਾ ਸੀਟ ਲਈ ਭਾਜਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਹੈ ਅੱਜ ਸ਼ਾਮ ਨੂੰ ਕਰ ਦਿੱਤਾ। ਜਿਸ ਤਹਿਤ ਰੇਖਾ ਸ਼ਰਮਾ ਦੇ ਨਾਮ ਦਾ ਐਲਾਨ ਕਰਕੇ ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਿਉਂਕਿ ਉਹਨਾਂ ਦਾ ਨਾਮ ਕਿਤੇ ਵੀ ਚਰਚਾ ਵਿੱਚ ਨਹੀਂ ਚੱਲ ਰਿਹਾ ਸੀ। ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਦੇ ਕੈਬਨਟ ਮੰਤਰੀ ਬਣਨ ਤੋਂ ਬਾਅਦ ਇਹ ਸੀਟ ਖਾਲੀ ਸੀ ਤੇ 20 ਦਸੰਬਰ ਨੂੰ ਰਾਜ ਸਭਾ ਦੀ ਚੋਣ ਹੋਣੀ ਹੈ। ਰੇਖਾ ਸ਼ਰਮਾ ਪੰਚਕੁਲਾ ਦੇ ਰਹਿਣ ਵਾਲੇ ਹਨ ਤੇ ਉਹ 9 ਸਾਲ ਰਾਸ਼ਟਰੀ ਮਹਿਲਾ ਕਮਿਸ਼ਨ ਨਾਲ ਜੁੜੇ ਰਹੇ। ਪਹਿਲਾਂ ਉਹ ਮੈਂਬਰ ਰਹੇ ਤੇ ਬਾਅਦ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਬਣੇ। ਇਸੇ ਸਾਲ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਕਿਆਸ ਲਾਏ ਜਾ ਰਹੇ ਸਨ ਕਿ ਉਹ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜਨਗੇ ਪਰ ਹੁਣ ਉਹਨਾਂ ਨੂੰ ਰਾਜ ਸਭਾ ਵਿੱਚ ਭੇਜਣ ਦੀ ਭਾਜਪਾ ਨੇ ਤਿਆਰੀ ਕਰ ਲਈ। ਰਾਜ ਸਭਾ ਮੈਂਬਰੀ ਲਈ ਦਾਅਵੇਦਾਰਾਂ ਦੀ ਦੌੜ ਵਿੱਚ ਸੂਬਾ ਪ੍ਰਧਾਨ ਮੋਹਨ ਲਾਲ ਸਾਬਕਾ ਸਾਂਸਦ ਸੰਜੇ ਭਾਟੀਆ ਕੁਲਦੀਪ ਬਿਸ਼ਨੋਈ ਤੇ ਸੁਨੀਤਾ ਦੁਗਲ ਦੇ ਨਾਮ ਸ਼ਾਮਿਲ ਸਨ ਪਰ ਮੌਕੇ ਤੇ ਭਾਜਪਾ ਹਾਈ ਕਮਾਂਡ ਵੱਲੋਂ ਰੇਖਾ ਸ਼ਰਮਾ ਦਾ ਐਲਾਨ ਕੀਤਾ ਗਿਆ। ਦੱਸਣ ਯੋਗ ਹੈ ਕਿ ਰੇਖਾ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀਆਂ ਵਿੱਚ ਸ਼ਾਮਿਲ ਹਨ। ਜਦੋਂ ਮੋਦੀ 1992 ਤੋਂ 97 ਤੱਕ ਪੰਚਕੁਲਾ ਵਿੱਚ ਰਹਿੰਦੇ ਸੀ ਤਾਂ ਉਸੇ ਦੌਰਾਨ ਰੇਖਾ ਸ਼ਰਮਾ ਉਹਨਾਂ ਨਾਲ ਜੁੜੇ ਸਨ। ਇਸ ਸਮੇਂ ਦੌਰਾਨ ਮੋਦੀ ਚੰਡੀਗੜ੍ਹ ਹਰਿਆਣਾ ਤੇ ਹਿਮਾਚਲ ਦੇ ਸੂਬਾ ਪ੍ਰਭਾਰੀ ਹੁੰਦੇ ਸਨ। ਰੇਖਾ ਸ਼ਰਮਾ ਦੇ ਬਿਨਾਂ ਮੁਕਾਬਲਾ ਰਾਜਸਭਾ ਚੋਣ ਜਿੱਤਣ ਦੇ ਕਿਆਸ ਹਨ, ਕਿਉਂਕਿ ਕਾਂਗਰਸ ਵੱਲੋਂ ਉਮੀਦਵਾਰ ਨਾ ਖੜੇ ਕੀਤੇ ਜਾਣ ਦੇ ਚਰਚੇ ਹਨ।

CATEGORIES
Share This

COMMENTS

Wordpress (0)
Disqus (0 )
Translate