ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਕ੍ਰਾਂਤਕਾਰੀ ਤਬਦੀਲੀ ਨੂੰ ਬਣਾਇਆ ਯਕੀਨੀ-ਅਮਨ ਅਰੋੜਾ
ਕੈਬਨਿਟ ਮੰਤਰੀ ਵਲੋਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ’ਚ ਸਿੱਖਿਆ ਦੀ ਅਹਿਮ ਭੂਮਿਕਾ ਕਰਾਰ
ਜਲੰਧਰ, 30 ਨਵੰਬਰ
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਵਲੋਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਨੂੰ ਅਹਿਮ ਦੱਸਿਆ ਗਿਆ ਹੈ। ਸਵਾਮੀ ਮੋਹਨ ਦਾਸ ਮਾਡਲ ਸਕੂਲ ਦੇ 22ਵੇਂ ਸਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਸਮਾਜ ਵਿੱਚ ਸਮਾਜਿਕ ਤੇ ਆਰਥਿਕ ਤਬਦੀਲੀ ਲਿਆਉਣ ਲਈ ਆਪਣੀ ਜਿੰਦਗੀ ਵਿੱਚ ਸਿੱਖਿਆ ਨੂੰ ਹਾਸਿਲ ਕਰਨ। ਉਨ੍ਹਾਂ ਸਵਾਮੀ ਮੋਹਨ ਦਾਸ ਮਾਡਲ ਸਕੂਲ ਵਲੋਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਭਾਰਤੀ ਕਦਰਾਂ-ਕੀਮਤਾਂ ਦੇ ਧਾਰਨੀ ਬਣਾਉਣ ਲਈ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਕਦਰਾਂ-ਕੀਮਤਾਂ ਸਿਖਾਕੇ ਜਿੰਮੇਵਾਰ ਨਾਗਰਿਕ ਬਣਾਉਣ ਤੋਂ ਇਲਾਵਾ ਸਵਾਮੀ ਮੋਹਨ ਦਾਸ ਜੀ ਦੇ ਅਸ਼ੀਰਵਾਦ ਅਤੇ ਗੁਰੂ ਮਾਂ ਸੋਮਾ ਦੇਵੀ ਜੀ ਦੀ ਅਗਵਾਈ ਵਿੱਚ ਸਿੱਖਿਆ ਦੇ ਖੇਤਰ ਵਿੱਚ ਲਾਮਿਸਾਲ ਭੂਮਿਕਾ ਨਿਭਾਈ ਜਾ ਰਹੀ ਹੈ।
ਸੀਨੀਅਰ ਆਪ ਆਗੂ ਦੀਪਕ ਬਾਲੀ, ਰਾਜਵਿੰਦਰ ਕੌਰ ਥਿਆੜਾ ਅਤੇ ਪਵਨ ਕੁਮਾਰ ਟੀਨੂੰ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿੱਖਿਆ ਵਿਅਕਤੀ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਹਰ ਖੇਤਰ ਵਿੱਚ ਨਵੇਂ ਰਾਹ ਖੋਲ੍ਹਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸਿੱਖਿਆ ਅਤੇ ਸਿਹਤ ਦੇ ਖੇਤਰ ਕ੍ਰਾਂਤੀਕਾਰੀ ਤਬਦੀਲੀਆ ਲਿਆ ਕੇ ਇਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪੰਜਾਬ ਸਰਕਾਰ ਵਲੋਂ ਉਠਾਏ ਅਹਿਮ ਕਦਮ ਜਿਵੇਂ ਸਕੂਲ ਆਫ਼ ਐਮੀਨੈਂਸ ਖੋਲ੍ਹਣਾ, ਸਮਾਰਟ ਸਕੂਲ, ਅਧਿਆਪਕਾਂ ਦੀ ਵਿਦੇਸ਼ਾਂ ਵਿੱਚ ਸਿਖਲਾਈ ਆਦਿ ਨਾਲ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਨਾਲ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਤਿੰਨ ਸੁਨਹਿਰੀ ਸਿਧਾਂਤ ਜਿਵੇਂ ਕਿ ਸਖ਼ਤ ਮਿਹਨ, ਲਗਨ ਅਤੇ ਸਮਰਪਣ ਦੀ ਭਾਵਨਾ ਵਿਦਿਆਰਥੀਆਂ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਅਹਿਮ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਲਈ ਇਨ੍ਹਾਂ ਤਿੰਨੋਂ ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ । ਇਸ ਤੋਂ ਪਹਿਲਾਂ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਲਵਲਿੰਦਰ ਵਰਮਾ, ਸਕੱਤਰ ਸੁਨੀਤਾ ਸ਼ਰਮਾ, ਵਾਈਸ ਪ੍ਰੈਜੀਡੈਂਟ ਹਰਨੇਕ ਢਿਲੋਂ ਅਤੇ ਪਿ੍ਰੰਸੀਪਲ ਜਤਿੰਦਰ ਕੌਰ ਵਲੋਂ ਕੈਬਨਿਟ ਮੰਤਰੀ ਦਾ ਸਲਾਨਾ ਸਮਾਗਮ ਵਿੱਚ ਸ਼ਾਮਿਲ ਹੋਣ ’ਤੇ ਨਿੱਘਾ ਸਵਾਗਤ ਕੀਤਾ ਗਿਆ।
