ਸੂਬੇ ਦੀ ਅਮਨ ਸ਼ਾਂਤੀ ਲਈ ਆਪਾ ਵਾਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਜਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਸ਼ਹੀਦ ਪੁਲਿਸ ਮੁਲਾਜਮਾਂ ਤੇ ਪੁਲਿਸ ਫੋਰਸ ਨੂੰ ਹੈ ਮਾਣ-ਵਰਿੰਦਰ ਸਿੰਘ ਬਰਾੜ
ਫਾਜ਼ਿਲਕਾ, 21 ਅਕਤੂਬਰ
ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਪੁਲਿਸ ਸਮ੍ਰਿਤੀ ਦਿਵਸ ਸਮਾਗਮ ਪੁਲਿਸ ਲਾਇਨ ਵਿਖੇ ਅਯੋਜਿਤ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਸ੍ਰੀ ਅਵਤਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪਰੇਡ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
                      ਇਸ ਮੌਕੇ ਸ੍ਰੀ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜ਼ਿਲਕਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਪੁਲਿਸ ਨੇ ਰਾਜ ਵਿਚ ਅਮਨ ਕਾਨੂੰਨ ਸਥਾਪਿਤ ਕਰਨ ਵਿਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪੁਲਿਸ ਫੋਰਸ ਦੇ ਜਵਾਨਾਂ ਨੇ ਕਦੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਸੂਬੇ ਦੇ ਅਮਨ ਚੈਨ ਲਈ ਆਪਣੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟੇ ਹਨ। ਉਨ੍ਹਾਂ ਨੇ ਸ਼ਹਾਦਤ ਦੇਣ ਵਾਲੇ ਜਵਾਨਾਂ ਨੂੰ ਨਮਨ ਕਰਦਿਆਂ ਕਿਹਾ ਕਿ ਪੁਲਿਸ ਫੋਰਸ ਨੂੰ ਆਪਣੇ ਸ਼ਹੀਦਾਂ ਤੇ ਨਾਜ਼ ਹੈ।
ਐਸਐਸਪੀ ਨੇ ਕਿਹਾ ਕਿ ਪਿਛਲੇ ਸਮੇਂ ਜੋ ਪੁਲਿਸ ਮੁਲਾਜਮ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸਾਡੇ ਵੱਲੋਂ ਦਿੱਲੋਂ ਸਲਾਮ ਹੈ ਅਤੇ ਉਨ੍ਹਾਂ ਦੇ ਪਰਿਵਾਰਾ ਨਾਲ ਹਮੇਸ਼ਾ ਅਸੀ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਖੜੇ ਹਾਂ। ਜੋ ਜਵਾਨ ਆਪਣੇ ਦੇਸ਼ ਲਈ ਜਾਨ ਦਿੰਦੇ ਹਨ ਉਹ ਭਾਂਵੇ ਕਿਸੇ ਫੋਰਸ ਵਿੱਚ ਤਾਇਨਾਤ ਹੋਵੇ ਉਨ੍ਹਾਂ ਮਕਸਦ ਇੱਕ ਹੁੰਦਾ ਹੈ,ਤੇ ਉਹ ਹੁੰਦਾ ਹੈ, ਸਿਰਫ ਦੇਸ਼ ਦੀ ਸੁਰੱਖਿਆਂ ਕਰਨਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਭਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫਰਜ਼ਾ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ ਅਤੇ ਜਿੱਥੇ ਸਾਡਾ ਦਿਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਫਕਰ ਨਾਲ ਭਰਿਆ ਹੁੰਦਾ ਹੈ ਉੱਥੇ ਹੀ ਅੱਖਾਂ ਵੀ ਨਮ ਹੁੰਦੀਆਂ ਹਨ।
            ਇਸ ਮੌਕੇ ਐਸਪੀ ਸ੍ਰੀ ਰਮਨੀਸ਼ ਚੌਧਰੀ ਨੇ ਦੇਸ਼ ਦੀਆਂ ਵੱਖ ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦ ਹੋਏ ਅਫਸਰਾਂ ਅਤੇ ਜਵਾਨਾਂ ਦੇ ਨਾਮ ਦੀ ਸੂਚੀ ਪੜ ਕੇ ਉਨ੍ਹਾਂ ਨੂੰ ਯਾਦ ਕੀਤਾ ।
          ਇਸ ਮੌਕੇ ਅਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਨ੍ਹਾਂ ਸੂਰਬੀਰ ਬਹਾਦਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ । ਡੀਐਸਪੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਨੀਵੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਬਿਗਲਰ ਵੱਲੋਂ ਮਾਤਵੀਂ ਧੁੰਨ ਵਜਾਈ ਗਈ।
       ਉਪਰੰਤ ਅਧਿਕਾਰੀਆਂ ਵੱਲੋਂ ਸ਼ਹੀਦ ਪੁਲਿਸ ਪਰਿਵਾਰਾ ਨਾਲ ਮਿਲ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  
           ਇਸ ਮੌਕੇ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਜੀਤ ਪਾਲ ਸਿੰਘ ਅਤੇ ਸ੍ਰੀ ਦਰਬਾਰੀ ਲਾਲ, ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ, ਡੀਐਸਪੀ ਬਲਕਾਰ ਸਿੰਘ, ਤਹਿਸੀਲਦਾਰ ਨਵੀਨ ਛਾਬੜਾ, ਸਿਵਲ ਸਰਜਨ ਡਾ: ਐਰਿਕ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਫਾਜ਼ਿਲਕਾ ਦੇ ਇਹ ਪੁਲਿਸ ਜਵਾਨ ਹੋਏ ਹਨ ਸ਼ਹੀਦ
ਅੱਜ ਦੇ ਇਸ ਸਮਾਗਮ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਜਿੰਨ੍ਹਾਂ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਏਐਸਆਈ ਗੁਰਨਾਮ ਸਿੰਘ, ਸਿਪਾਹੀ ਸੰਤੋਖ਼ ਸਿੰਘ, ਰਤਨ ਲਾਲ, ਹਰਬੰਸ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ, ਕਰਨੈਲ ਸਿੰਘ, ਪੀਐਚਜੀ ਫੂਲਾ ਸਿੰਘ, ਹਰਨਾਮ ਸਿੰਘ, ਰੂਲੀਆ ਸਿੰਘ, ਮੰਗਤ ਰਾਮ ਅਤੇ ਪਰਮਜੀਤ ਸਿੰਘ। ਇਸ ਤੋਂ ਬਿਨ੍ਹਾਂ ਕਰੋਨਾ ਕਾਲ ਵਿਚ ਫਰੰਟਲਾਈਨ ਯੋਧੇ ਵਜੋਂ ਸ਼ਹੀਦ ਹੋਏ ਏਐਸਆਈ ਭੁਪਿੰਦਰ ਸਿੰਘ ਨੂੰ ਵੀ ਇਸ ਮੌਕੇ ਨਮਨ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate