ਪਿੰਡ ਖਿੱਪਾਂਵਾਲੀ ਤੋਂ ਇੰਦਰਾ ਦੇਵੀ ਪਤਨੀ ਗੋਪੀ ਰਾਮ ਬਾਗੜੀਆ ਬਣੇ ਸਰਪੰਚ
ਅਬੋਹਰ 20 ਅਕਤੂਬਰ। ਹਲਕਾ ਬੱਲੂਆਣਾ ਦੇ ਪਿੰਡ ਖਿੱਪਾਂਵਾਲੀ ਤੋਂ ਲੋਕਾਂ ਨੇ ਪੜੀ ਲਿਖੀ ਉਮੀਦਵਾਰ ਇੰਦਰਾ ਦੇਵੀ ਪਤਨੀ ਗੋਪੀ ਰਾਮ ਬਾਗੜੀਆ ਨੂੰ ਸਰਪੰਚ ਚੁਣਿਆ ਹੈ। ਉਹਨਾਂ ਨੇ 67 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਦੱਸਣ ਯੋਗ ਹੈ ਕਿ ਗੋਪੀ ਰਾਮ ਬਾਗੜੀਆ ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਜਦੋਂ ਕਿ ਉਹਨਾਂ ਦੇ ਪਿਤਾ ਜੀ ਵੀ ਲੰਬਾ ਸਮਾਂ ਪਿੰਡ ਦੇ ਸਰਪੰਚ ਵਜੋਂ ਲੋਕਾਂ ਦੀ ਸੇਵਾ ਕਰਦੇ ਰਹੇ ਹਨ। ਹੁਣ ਫੇਰ ਖਿੱਪਾਂ ਵਾਲੀ ਦੇ ਲੋਕਾਂ ਨੇ ਗੋਪੀ ਰਾਮ ਬਾਗੜੀਆਂ ਦੇ ਪਰਿਵਾਰ ਨੂੰ ਪਿੰਡ ਦੀ ਸੇਵਾ ਦਾ ਮੌਕਾ ਦਿੰਦਿਆਂ ਇੰਦਰਾ ਦੇਵੀ ਨੂੰ ਸਰਪੰਚ ਚੁਣਿਆ। ਗੱਲਬਾਤ ਕਰਦਿਆਂ ਇੰਦਰਾ ਦੇਵੀ ਸਰਪੰਚ ਤੇ ਗੋਪੀ ਰਾਮ ਬਾਗੜੀਆਂ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ,ਉਹ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣਗੇ। ਜਿਸ ਤਹਿਤ ਪਿੰਡ ਨੂੰ ਸਭ ਤੋਂ ਪਹਿਲਾਂ ਨਸ਼ਾ ਮੁਕਤ ਕੀਤਾ ਜਾਵੇਗਾ। ਉਸ ਤੋਂ ਬਾਅਦ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਵਾ ਕੇ ਬਾਰਵੀਂ ਤੱਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਵੱਧ ਤੋਂ ਵੱਧ ਪਿੰਡ ਵਿੱਚ ਵਿਕਾਸ ਦੇ ਕੰਮ ਕਰਵਾਏ ਜਾਣਗੇ। ਉਨਾਂ ਕਿਹਾ ਕਿ ਹਰ ਇੱਕ ਨੂੰ ਬਣਦਾ ਮਾਣ ਸਤਿਕਾਰ ਤੇ ਬਰਾਬਰ ਦੇ ਅਧਿਕਾਰ ਹੋਣਗੇ। ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਨਵੇਂ ਬਣੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।



