ਡਿਪਟੀ ਕਮਿਸ਼ਨਰ ਤੇ ਐਸਐਸਪੀ ਫ਼ਾਜ਼ਿਲਕਾ ਨੇ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

ਨੋਡਲ ਅਤੇ ਕਲਸਟਰ ਅਫਸਰਾਂ ਨੂੰ ਪਿੰਡਾਂ ਵਿੱਚ ਰਹਿਣ ਦੀ ਹਦਾਇਤ
ਫਾਜ਼ਿਲਕਾ , 18 ਅਕਤੂਬਰ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ ਏਐਸ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਪਿੰਡਾਂ ਦੇ ਕਲਸਟਰ ਅਤੇ ਨੋਡਲ ਅਫਸਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਲਗਾਤਾਰ ਪਿੰਡਾਂ ਵਿੱਚ ਹੀ ਰਹਿਣ ਅਤੇ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਰਾਲੀ ਪ੍ਰਬੰਧਨ ਲਈ ਤਕਨੀਕੀ ਮਦਦ ਮੁਹਈਆ ਕਰਵਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਮਸ਼ੀਨਾਂ ਮੁਹਈਆ ਕਰਵਾਉਣ ਵਿੱਚ ਸਹਿਯੋਗ ਕਰਨ ।
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਜਮੀਨ ਦੇ ਜਰੂਰੀ ਪੌਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਇਸ ਦੇ ਨਾਲ ਹੀ ਪ੍ਰਦੂਸ਼ਣ ਹੋਣ ਨਾਲ ਮਨੁੱਖਾਂ ਨੂੰ ਅਨੇਕਾਂ ਬਿਮਾਰੀਆਂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪਰਾਲੀ ਦਾ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਪ੍ਰਬੰਧਨ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ। ਉਨਾਂ ਨੇ ਕਿਹਾ ਕਿ ਪਰਾਲੀ ਨੂੰ ਜੇਕਰ ਜਮੀਨ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਇਸ ਨਾਲ ਜਮੀਨ ਵਿੱਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨਤ ਕਿਸਾਨ ਨਾਂ ਦੀ ਮੋਬਾਇਲ ਐਪ ਬਣਾਈ ਗਈ ਹੈ ਇਸ ਐਪ ਰਾਹੀਂ ਕਿਸਾਨ ਭਰਾ ਆਪਣੇ ਨੇੜੇ ਉਪਲਬਧ ਮਸ਼ੀਨਾਂ ਦੀ ਜਾਣਕਾਰੀ ਲੈਣ ਦੇ ਨਾਲ ਨਾਲ ਆਪਣੀ ਜਰੂਰਤ ਅਨੁਸਾਰ ਮਸ਼ੀਨਾਂ ਦੀ ਬੁਕਿੰਗ ਕਰਵਾ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਇਸ ਮੋਬਾਈਲ ਐਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਨੋਡਲ ਅਫਸਰਾਂ ਦੇ ਨਾਲ ਪੁਲਿਸ ਵਿਭਾਗ ਦਾ ਨੋਡਲ ਅਫਸਰ ਵੀ ਤੈਨਾਤ ਰਹੇਗਾ ਅਤੇ ਪੁਲਿਸ ਦੀਆਂ ਟੀਮਾਂ ਵੀ ਸਿਵਿਲ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਮਿਲ ਕੇ ਕੰਮ ਕਰਨਗੀਆਂ ਤਾਂ ਜੋ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸ ਦੌਰਾਨ ਉਨਾਂ ਨੇ ਪਿੰਡ ਮੌਜਮ, ਬਾਹਮਣੀਵਾਲਾ, ਅਮੀਰ ਖਾਸ, ਰੱਖ ਅਮੀਰ ਅਤੇ ਬੂੜਵਾਲਾ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ।  ਇੱਥੇ ਹੀ ਉਹਨਾਂ ਨੇ ਆਸ ਪਾਸ ਦੇ ਨੋਡਲ ਅਫਸਰ ਅਤੇ ਕਲਸਟਰ ਅਫਸਰਾਂ ਨਾਲ ਵੀ ਮੌਕੇ ਤੇ ਹੀ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਜ਼ੀਰੋ ਤੱਕ ਘੱਟ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਉਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਐਸਡੀਐਮ ਕੰਵਰਜੀਤ ਸਿੰਘ ਮਾਨ, ਡੀ ਡੀ ਪੀ ਓ ਗੁਰਦਰਸ਼ਨ ਲਾਲ ਕੁੰਡਲ, ਮੁੱਖ ਖੇਤੀਬਾੜੀ ਅਫਸਰ ਸੰਦੀਪ ਰਿਣਵਾ, ਤਹਿਸੀਲਦਾਰ ਨਵੀਨ ਛਾਬੜਾ ਅਤੇ ਬਲਾਕ ਖੇਤੀਬਾੜੀ ਅਫਸਰ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate