ਖੇਤੀਬਾੜੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਦਿੱਤੀ ਜਰੂਰੀ ਸਲਾਹ
ਫਾਜ਼ਿਲਕਾ 30 ਜੂਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਦੇ ਵਿਗਿਆਨੀਆਂ ਵੱਲੋਂ ਜਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦਾ ਸਰਵੇਖਣ ਕਰਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਜਰੂਰੀ ਸਲਾਹ ਦਿੱਤੀ ਗਈ। ਇਸ ਦੌਰਾਨ ਵਿਗਿਆਨੀਆਂ ਨੇ ਦੀਵਾਨ ਖੇੜਾ, ਬਕੈਨ ਵਾਲਾ, ਝੂਮਿਆਂ ਵਾਲੀ, ਮੁਰਾਦ ਵਾਲਾ ਦਲ ਸਿੰਘ,ਚੂਹੜੀ ਵਾਲਾ ਧੰਨਾ,ਸੁਖਚੈਨ, ਰੂਪ ਨਗਰ ਗਿੱਦੜਾਂਵਾਲੀ ਤੇ ਮੋਢੀ ਖੇੜਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ ਕਰਦਿਆਂ ਕਿਸਾਨ ਸਿਖਲਾਈ ਕੈਂਪ ਲਾਏ ਇਸ ਦੌਰਾਨ ਡਾਕਟਰ ਮਨਪ੍ਰੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਜਿਹੜੇ ਨਰਮੇ ਦੀ ਬਜਾਈ ਵਿੱਚ ਬੀਟੀ ਕਾਟਨ ਦੇ ਦੋ ਤੋਂ ਵੱਧ ਪੈਕਟਾਂ ਦੀ ਵਰਤੋਂ ਕੀਤੀ ਗਈ ਹੈ ਉੱਥੇ ਕਿਸਾਨ ਵੀਰ ਪਹਿਲੇ ਪਾਣੀ ਤੋਂ ਬਾਅਦ ਨਰਮੇ ਦੇ ਬੂਟੇ ਵਿਰਲੇ ਦੇਣ ਤੇ ਪਹਿਲੇ ਪਾਣੀ ਤੇ ਵੱਤਰ ਆਉਣ ਤੇ ਹੀ ਯੂਰੀਆ ਦੀ ਖਾਦ ਦੀ ਪਹਿਲੀ ਕਿਸ਼ਤ ਪਾਉਣ।
ਇਸ ਮੌਕੇ ਤੇ ਜ਼ਿਲ੍ਹਾ ਪਸਾਰ ਮਾਹਰ ਡਾਕਟਰ ਜਗਦੀਸ਼ ਅਰੋੜਾ ਨੇ ਦੱਸਿਆ ਕਿ ਨਰਮੇ ਦੀ ਫਸਲ ਮੌਜੂਦਾ ਸਮੇਂ ਵਿੱਚ ਸਹੀ ਹਾਲਤ ਵਿੱਚ ਹੈ ਤੇ ਨਰਮੇ ਦੇ ਕਾਸ਼ਤਕਾਰ ਵੀਰਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜਿਲੇ ਭਰ ਵਿੱਚ ਹੀ ਸਰਵੇਖਣ ਅਨੁਸਾਰ ਚਿੱਟੀ ਮੱਖੀ ਦੀ ਮਾਤਰਾ ਖਤਰੇ ਆਾਲੇ ਨਿਸ਼ਾਨ ਤੋਂ ਹੇਠਾਂ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਮੂੰਗੀ ਦੀ ਕਾਸ਼ਤ ਹੇਠ ਵੀ ਐਤਕੀ ਕਾਫੀ ਏਰੀਆ ਹੈ। ਤੇ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਕਿਸਾਨ ਵੀਰ ਖੇਤ ਵਿੱਚ ਜਾ ਕੇ ਸਰਵੇਖਣ ਜਰੂਰ ਕਰਦੇ ਰਹਿਣ ਤਾਂ ਜੋ ਚਿੱਟੇ ਮੱਛਰ ਦਾ ਪਹਿਲਾਂ ਹੀ ਪਤਾ ਲੱਗ ਸਕੇ ਉਹਨਾਂ ਕਿਹਾ ਕਿ ਜੇਕਰ ਨਰਮੇ ਉੱਪਰ ਤਿੰਨ ਪੱਤਿਆਂ ਤੇ ਛੇ ਮੱਖੀਆਂ ਨਜ਼ਰ ਆਉਂਦੀਆਂ ਹਨ ਤਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਇਸ ਦੇ ਕਾਬੂ ਪਾਇਆ ਜਾ ਸਕਦਾ ਹੈ। ਨਰਮੇ ਦੀ ਗੁਲਾਬੀ ਸੁੰਡੀ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਜਿੱਥੇ ਨਰਮੇ ਵਿੱਚ ਫੁੱਲ ਗੁੱਡੀ ਦੀ ਸ਼ੁਰੂਆਤ ਹੋ ਗਈ ਹੈ ਉੱਥੇ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਦੋ ਤਿੰਨ ਫੇਰੋਮੋਨ ਟਰੈਪ ਜਰੂਰ ਲਾ ਦੇਣ ਟਰੈਪ ਵਿੱਚ ਫਸੇ ਪਤੰਗਿਆਂ ਦੀ ਗਿਣਤੀ ਇੱਕ ਦਿਨ ਛੱਡ ਕੇ ਜਰੂਰ ਕਰੋ। ਇਸ ਮੌਕੇ ਤੇ ਡਾਕਟਰ ਅਨਿਲ ਸਾਂਗਵਾਨ ਨੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਨਰਮੇ ਦੀ ਸਮੱਸਿਆ ਦੇ ਹੱਲ ਲਈ ਪੀਏਯੂ ਦੇ ਖੇਤਰੀ ਖੋਜ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਰ ਵਿੱਚ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਰੱਖਣ ਤਾਂ ਜੋ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ ਤੇ ਵਧੀਆ ਝਾੜ ਲਿਆ ਜਾ ਸਕੇ।
