ਸਵ: ਜਸਵਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
· ਡੀਸੀ ਦਫਤਰ ਤੇ ਕੈਂਪ ਆਫ਼ਿਸ ਦੇ ਕਰਮਚਾਰੀਆਂ ਵਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾਂ
· ਯਾਦ ਚ ਲਗਾਇਆ ਖ਼ੂਨਦਾਨ ਕੈਂਪ
ਬਠਿੰਡਾ, 18 ਦਸੰਬਰ : ਸਵ: ਜਸਵਿੰਦਰ ਸਿੰਘ (ਡਰਾਈਵਰ ਡਿਪਟੀ ਕਮਿਸ਼ਨਰ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੀ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ 100 ਫੁੱਟੀ ਰੋਡ ਬਠਿੰਡਾ ਵਿਖੇ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤਲਾਲ ਅਗਰਵਾਲ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਸਵ: ਜਸਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਯੂਨਾਇਟਿਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਦਫਤਰ ਡਿਪਟੀ ਕਮਿਸ਼ਨਰ ਕਰਮਚਾਰੀ ਯੂਨੀਅਨ ਤੇ ਕੈਂਪ ਆਫ਼ਿਸ ਦੇ ਸਟਾਫ ਵਲੋਂ ਸਵੈ-ਇੱਛਕ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਨੇਕ ਕੰਮ ਸ਼ਲਾਘਾ ਕੀਤੀ। ਇਸ ਦੌਰਾਨ ਪਹੁੰਚੇ ਵੱਖ-ਵੱਖ ਖੂਨਦਾਨੀਆਂ ਵਲੋਂ 53 ਯੂਨਿਟ ਖੂਨਦਾਨ ਵੀ ਕੀਤਾ ਗਿਆ।
ਇਸ ਮੌਕੇ ਸਵ: ਜਸਵਿੰਦਰ ਸਿੰਘ ਦਾ ਸਮੂਹ ਪਰਿਵਾਰ, ਰਿਸ਼ਤੇਦਾਰ, ਦੋਸਤ-ਸਨੇਹੀ, ਯੂਨਾਇਟਿਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਵਿਜੈ ਭੱਟ, ਪੀਐਸਓ ਸ. ਜਸਕਰਨ ਸਿੰਘ, ਸ਼੍ਰੀ ਜਗਮੀਤ ਸਿੰਘ, ਸ਼੍ਰੀ ਨਰੇਸ਼ ਪਠਾਣੀਆ ਤੇ ਡੀਸੀ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।