ਮਾਨਸਿਕ ਰੋਗ ਨੂੰ ਛੁਪਾਓ ਨਾ, ਲੱਛਣ ਪਾਏ ਜਾਣ ‘ਤੇ ਡਾਕਟਰੀ ਸਲਾਹ ਜਰੂਰੀ
ਮਾਨਸਿਕ ਰੋਗ ਦਾ ਇਲਾਜ ਸੰਭਵ ਹੈ – ਡਾ.ਸਰਵਲੀਨ ਕੌਰ
ਰੋਜ਼ਾਨਾ ਕਸਰਤ ਨਾਲ ਮਾਨਸਿਕ ਤਣਾਓ ਨੂੰ ਘਟਾਇਆ ਜਾ ਸਕਦਾ ਹੈ
ਕਪੂਰਥਲਾ 11 ਅਕਤੂਬਰ। ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ, ਪੂਰਾ ਵਿਸ਼ਵ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਉਂਦਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸੇ ਲਈ ਮਾਨਸਿਕ ਰੋਗ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਤਹਿਤ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐਸ.ਐਮ.ਓ ਭੁੱਲਥ ਡਾ. ਹਰਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਮੈਡੀਕਲ ਅਫਸਰ ਡਾ. ਸਰਵਲੀਨ ਕੌਰ ਵੱਲੋਂ ਆਮ ਲੋਕਾਂ ਨੂੰ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਰਵਲੀਨ ਕੌਰ ਨੇ ਦੱਸਿਆ ਕਿ ਸਾਡੀ ਦਿਮਾਗੀ ਅਵਸਥਾ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਜਿਵੇਂ ਕਿ ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ, ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ ਦਾ ਵੱਧ ਜਾਣਾ ਤੇ ਹੋਰ ਸਬੰਧਤ ਪ੍ਰੇਸ਼ਾਨੀਆਂ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਰੋਜ਼ਮਰ੍ਹਾ ਦੀ ਜਿੰਦਗੀ ਵਿੱਚ ਪ੍ਰੇਸ਼ਾਨੀਆਂ ਅਤੇ ਤਨਾਓ ਲੋਕਾਂ ਵਿੱਚ ਮਾਨਸਿਕ ਰੋਗਾਂ ਦਾ ਵੱਡਾ ਕਾਰਨ ਬਣ ਰਿਹਾ ਹੈ। ਮਾਨਸਿਕ ਰੋਗ ਬਾਕੀ ਰੋਗਾਂ ਦੀ ਤਰ੍ਹਾਂ ਹੀ ਹੈ ਅਤੇ ਇਸ ਦਾ ਇਲਾਜ ਵੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਸੁਭਾਅ ਵਿੱਚ ਤਬਦੀਲੀ, ਨੀਂਦ ਨਾ ਆਉਣਾ, ਕੰਮ-ਕਾਰ ਜਾਂ ਕਾਰਗੁਜਾਰੀ ਵਿੱਚ ਫਰਕ ਆ ਜਾਣਾ ਅਤੇ ਆਪਣੇ ਆਪ ਨੂੰ ਜਾਂ ਆਸ-ਪਾਸ ਵਾਲਿਆਂ ਨੂੰ ਤੰਗੀ ਮਹਿਸੂਸ ਹੋਣਾ ਆਦਿ ਮਾਨਸਿਕ ਰੋਗਾਂ ਦੇ ਲੱਛਣ ਹਨ। ਮਾਨਸਿਕ ਰੋਗ ਨੂੰ ਛੁਪਾਓ ਨਾ, ਲੱਛਣ ਪਾਏ ਜਾਣ ‘ਤੇ ਇਸ ਬਾਰੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਥਕਾਨ ਸਾਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰ ਸਕਦੀ ਹੈ। ਜਿਸ ਵੱਲ ਸਾਡਾ ਧਿਆਨ ਨਹੀਂ ਜਾਂਦਾ ਤੇ ਅਸੀ ਡਿਪਰੇਸ਼ਨ ਵਿੱਚ ਤਬਦੀਲ ਹੋ ਜਾਂਦੇ ਹਾਂ। ਇਸ ਲਈ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਇਸ ਤੋਂ ਬਚਣ ਲਈ ਸਾਨੂੰ ਸੰਤੁਲਿਤ ਭੋਜਨ ਦਾ ਸੇਵਨ ਕਰਨ ਦੇ ਨਾਲ-ਨਾਲ ਰੋਜ਼ਾਨਾ ਕਸਰਤ, ਯੋਗ ਆਸਨ ਆਦਿ ਕਰਨ ਨਾਲ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਆਮ ਲੋਕਾਂ ਦੇ ਨਾਲ-ਨਾਲ ਮਰੀਜ਼ ‘ਤੇ ਸਮੂਹ ਸਟਾਫ ਹਜ਼ਾਰ ਸਨ।