ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਸੂਬੇ ’ਚ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ-ਅਬਦੁੱਲ ਬਾਹਰੀ ਸਲਮਾਨੀ
ਕਿਹਾ, ਜਲੰਧਰ ਕੁੰਜ ਜ਼ਮੀਨ ਦੇ ਮਾਮਲੇ ਨੂੰ ਸਬੰਧਿਤ ਧਿਰਾਂ ਦੀ ਸਹਿਮਤੀ ਅਨੁਸਾਰ ਸੁਚੱਜੇ ਢੰਗ ਨਾਲ ਸੁਲਝਾਇਆ ਗਿਆ
ਜਲੰਧਰ, 20 ਅਗਸਤ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਬਦੁੱਲ ਬਾਹਰੀ ਸਲਮਾਨੀ ਨੇ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਨੂੰ ਸਾਰੇ ਧਾਰਮਿਕ ਸੰਗਠਨਾਂ ਦੇ ਨਾਲ ਸੁਚੱਜੀ ਗੱਲਬਾਤ ਦੇ ਜ਼ਰੀਏ ਹਾਸਿਲ ਕੀਤਾ ਜਾ ਰਿਹਾ ਹੈ। ਅੱਜ ਜਾਰੀ ਇਕ ਬਿਆਨ ਵਿੱਚ ਚੇਅਰਮੈਨ ਸਲਮਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਵਿੱਚ ਜਲੰਧਰ ਦੇ ਕੁੰਜ ਇਲਾਕੇ ਵਿੱਚ ਹੋਏ ਜ਼ਮੀਨੀ ਵਿਵਾਦ ਨੂੰ ਸਾਰੀਆਂ ਸਬੰਧਿਤ ਧਿਰਾਂ ਦੀ ਇੱਛਾ ਅਨੁਸਾਰ ਸਦਭਾਵਨਾ ਦੇ ਮਾਹੌਲ ਵਿੱਚ ਸੁਚੱਜੇ ਢੰਗ ਨਾਲ ਸੁਲਝਾ ਲਿਆ ਗਿਆ ਹੈ।
ਸਲਮਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਹ ਸੁਨਿਸਚਿਤ ਕਰਨਾ ਸੀ ਕਿ ਇਸ ਮੁੱਦੇ ਦੇ ਕਾਰਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਇਸ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਸ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਵਲੋਂ ਇਸ ਦੇ ਹੱਲ ਉਤੇ ਅਪਣੀ ਸਹਿਮਤੀ ਪ੍ਰਗਟ ਕੀਤੀ ਜਿਸ ਨਾਲ ਇਸ ਨੂੰ ਆਪਸੀ ਸਮਝ ਅਤੇ ਸਹਿਯੋਗ ਨਾਲ ਹੱਲ ਕਰ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਸੂਝਵਾਨ ਲੋਕ ਹਮੇਸ਼ਾਂ ਹੀ ਸ਼ਾਂਤੀ ਅਤੇ ਖੁਸ਼ਹਾਲੀ ਦੇ ਪੱਖ ਵਿੱਚ ਰਹੇ ਹਨ ਅਤੇ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰ ਸਕਦਾ। ਇਸ ਮੌਕੇ ਸੂਬੇ ਵਿੱਚ ਵੱਖ-ਵੱਖ ਸਮੂਹਾਂ ਵਿੱਚ ਏਕਤਾ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਲਈ ਚੇਅਰਮੈਨ ਦੀ ਸਰਗਰਮ ਭੂਮਿਕਾ ਦੀ ਸਲਾਘਾ ਕੀਤੀ ਗਈ।