ਸ਼ਹਿਣਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ, 64 ਲੱਖ ਨਾਲ ਥਾਪਰ ਮਾਡਲ ’ਚ ਹੋਵੇਗਾ ਤਬਦੀਲ ਛੱਪੜ


— ਸਿੰਜਾਈ ਦੇ ਕੰਮ ਆਵੇਗਾ ਸੋਧਿਆ ਹੋਇਆ ਪਾਣੀ: ਵਧੀਕ ਡਿਪਟੀ ਕਮਿਸ਼ਨਰ
ਬਰਨਾਲਾ/ਸ਼ਹਿਣਾ, 10 ਦਸੰਬਰ
ਸ਼ਹਿਣਾ ਵਾਸੀਆਂ ਦੀ ਛੱਪੜ ਦੇ ਗੰਦੇ ਪਾਣੀ ਤੋਂ ਨਿਜਾਤ ਦੀ ਲੰਮਚਿਰੀ ਮੰਗ ਨੂੰ ਛੇਤੀ ਬੂਰ ਪਵੇਗਾ। 64 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਆਧੁਨਿਕੀਕਰਨ ਕਰਕੇ ਪਿੰਡ ਦੇ ਛੱਪੜ ਨੂੰ ਥਾਪਰ ਮਾਡਲ ’ਚ ਤਬਦੀਲ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਪਰਮਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕੋਲ ਸ਼ਹਿਣਾ ਵਾਸੀਆਂ ਵੱਲੋਂ ਛੱਪੜ ਦੀ ਗੰਦਗੀ ਤੋਂ ਨਿਜਾਤ ਦਿਵਾਉਣ ਦੀ ਮੰਗ ਰੱਖੀ ਗਈ ਸੀ, ਜਿਸ ਮਗਰੋਂ ਉਨ੍ਹਾਂ ਵੱਲੋਂ ਛੱਪੜ ਦੇ ਨਵੀਨੀਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ 64 ਲੱਖ ਰੁਪਏ ਤੋਂ ਵੱਧ ਲਾਗਤ ਨਾਲ ਇਸ ਛੱਪੜ ਨੂੰ ਥਾਪਰ ਮਾਡਲ ’ਚ ਤਬਦੀਲ ਕੀਤਾ ਜਾਵੇਗਾ ਤੇ ਕਸਬੇ ਦੇ ਕਰੀਬ 1600 ਪਰਿਵਾਰਾਂ ਨੂੰ ਛੱਪੜ ਦੇ ਗੰਦੇ ਪਾਣੀ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਛੱਪੜ ਦਾ ਖੇਤਰ ਕਰੀਬ 2.5 ਏਕੜ ਹੈ। ਇਸ ਸਬੰਧੀ ਤਿਆਰ ਪ੍ਰਾਜੈਕਟ ਤਹਿਤ ਛੱਪੜ ਨੂੰ ਥਾਪਰ ਮਾਡਲ ’ਚ ਤਬਦੀਲ ਕੀਤਾ ਜਾਵੇਗਾ, ਜਿਸ ਵਿਚ ਤਿੰਨ ਚੈਂਬਰ ਬਣਨਗੇ, ਜਿਸ ਨਾਲ 3 ਪੜਾਵਾਂ ’ਤੇ ਪਾਣੀ ਛਾਣਿਆ ਜਾਵੇਗਾ ਤੇ ਸੋਧਿਆ ਹੋਇਆ ਪਾਣੀ ਟੈਂਕ ਵਿਚ ਸਟੋਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸੋਧਿਆ ਹੋਇਆ ਪਾਣੀ ਸਿੰਜਾਈ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਅਤੇ ਵਧਿਆ ਪਾਣੀ ਪਾਈਪਲਾਈਨ ਰਾਹੀਂ ਨੇੜਲੀ ਡਰੇਨ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡ ਸਵੱਛ ਭਾਰਤ ਮਿਸ਼ਨ, 15ਵੇਂ ਵਿੱਤ ਕਮਿਸ਼ਨ ਤੇ 3 ਲੱਖ ਰੁਪਏ ਮਗਨਰੇਗਾ ’ਚੋਂ ਵਰਤੇ ਜਾਣਗੇ ਤੇ ਇਹ ਪ੍ਰਾਜੈਕਟ ਆਉਂਦੇ ਦਿਨੀਂ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਥਾਪਰ ਮਾਡਲ ਤੋਂ ਇਲਾਵਾ ਬਾਕੀ ਨੇੜਲੇ ਖੇਤਰ ਨੂੰ ਪੌਦਿਆਂ ਨਾਲ ਸ਼ਿੰਗਾਰਿਆ ਜਾਵੇਗਾ ਤੇ ਪਾਰਕ ਬਣਾਇਆ ਜਾਵੇਗਾ ਅਤੇ ਇੰਟਾਰਲਾਕ ਟਾਈਲਾਂ ਨਾਲ ਰਸਤਾ/ਟਰੈਕ ਬਣਾਇਆ ਜਾਵੇਗਾ।

CATEGORIES
TAGS
Share This

COMMENTS

Wordpress (0)
Disqus (0 )
Translate