ਮਾਲਵੇ ਦੇ ਪਿੰਡਾਂ ਦੀ ਤਕਦੀਰ ਬਦਲੇਗੀ ਮਾਲਵਾ ਨਹਿਰ,ਮਿਲੇਗਾ ਭਰਪੂਰ ਨਹਿਰੀ ਪਾਣੀ
ਬਠਿੰਡਾ 26 ਜੁਲਾਈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਭਲੇ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ, ਪਹਿਲਾਂ ਜਿੱਥੇ ਲੰਬੇ ਸਮੇਂ ਤੋਂ ਬੰਦ ਪਏ ਖਾਲੇ ਕੱਸੀਆਂ ਸਰਕਾਰ ਵੱਲੋਂ ਮੁੜ ਚਾਲੂ ਕਰਵਾਏ ਗਏ ਹਨ ਉੱਥੇ ਹੁਣ ਮਾਲਵੇ ਦੇ ਲੋਕਾਂ ਨੂੰ ਨਹਿਰੀ ਪਾਣੀ ਉਪਲਬਧ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨਮਈ ਪ੍ਰੋਜੈਕਟ ਤਹਿਤ ਮਾਲਵਾ ਨਹਿਰ ਪੰਜਾਬ ਸਰਕਾਰ ਵੱਲੋਂ ਕੱਢੀ ਜਾ ਰਹੀ ਹੈ। ਮਾਲਵਾ ਨਹਿਰ ਮਾਲਵੇ ਦੇ ਪਿੰਡਾਂ ਦੇ ਲੋਕਾਂ ਦੀ ਤਕਦੀਰ ਬਦਲੇਗੀ।
ਮਾਲਵਾ ਨਹਿਰ ਦੀ ਗੱਲ ਕਰੀਏ ਤਾਂ ਇਹ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਕਰਵਾਉਣ ਲਈ ਕੱਢੀ ਜਾ ਰਹੀ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਨਵੀਂ ਨਹਿਰ ਬਣਾਈ ਜਾ ਰਹੀ ਹੈ।
ਮਾਲਵਾ ਨਹਿਰ ਨੂੰ ਲੈ ਕੇ ਸਰਕਾਰ ਵੱਲੋਂ ਤਜਵੀਜ਼ ਬਣਾਈ ਜਾ ਚੁੱਕੀ ਹੈ। ਜੇਕਰ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਮਾਲਵਾ ਨਹਿਰ ਹਰੀ ਕੇ ਪੱਤਣ ਤੋਂ ਸ਼ੁਰੂ ਹੋਣ ਵਾਲੀ ਇਹ ਨਹਿਰ ਰਾਜਸਥਾਨ ਫੀਡਰ ਦੇ ਨਾਲ ਨਾਲ ਹੁੰਦੀ ਹੋਈ ਪਿੰਡ ਵੜਿੰਗ ਖੇੜਾ ਤੱਕ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨਹਿਰ ਦੇ ਨਿਰਮਾਣ ਲਈ 2300 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਮਾਲਵਾ ਨਹਿਰ 150 ਕਿਲੋਮੀਟਰ ਲੰਬੀ ਹੋਵੇਗੀ ਤੇ 25 ਫੁੱਟ ਡੂੰਘੀ। ਇਸ ਨਹਿਰ ਰਾਹੀਂ 1.77 ਲੱਖ ਹੈਕਟੇਅਰ ਨੂੰ ਸਿੰਜਣ ਲਈ ਉਪਲਬਧ ਹੋਵੇਗਾ।ਮਾਲਵਾ ਨਹਿਰ ਬਣਨ ਨਾਲ ਫਿਰੋਜ਼ਪੁਰ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ਿਲਿਆਂ ਦੇ ਪਿੰਡਾਂ ਨੂੰ ਪਾਣੀ ਮਿਲੇਗਾ। ਰਾਜਸਥਾਨ ਵੱਲੋਂ ਉਨਾਂ ਦੀ ਨਹਿਰ ਦੇ ਨਾਲ ਨਾਲ ਬਣਨ ਵਾਲੀ ਮਾਲਵਾ ਨਹਿਰ ਲਈ ਉਨਾਂ ਵੱਲੋਂ ਜਮੀਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਕਿਤੇ ਜ਼ਮੀਨ ਲੈਣ ਦੀ ਲੋੜ ਪੈਂਦੀ ਹੈ ਤਾਂ 7 ਸਬ ਡਵੀਜਨਾਂ ਦੇ ਐਸਡੀਐਮ ਨੂੰ ਇਸ ਸੰਬੰਧ ਵਿੱਚ ਪੱਤਰ ਸਰਕਾਰ ਵੱਲੋਂ ਭੇਜੇ ਜਾ ਚੁੱਕੇ ਹਨ। ਇਹ ਪੱਤਰ ਜੀਰਾ ਫਰੀਦਕੋਟ ਕੋਟਕਪੂਰਾ ਮਲੋਟ ਗਿੱਦੜਬਾਹਾ ਮੁਕਤਸਰ ਤੇ ਫਿਰੋਜ਼ਪੁਰ ਦੇ ਐਸਡੀਐਮ ਦਫਤਰ ਵਿੱਚ ਪਹੁੰਚ ਚੁੱਕੇ ਹਨ ਤੇ ਉਨਾਂ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਣੀ ਹੈ। ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲਵਾ ਨਹਿਰ ਦਾ ਐਲਾਨ ਕੀਤਾ ਹੈ ਉਸ ਦਿਨ ਤੋਂ ਹੀ ਨਹਿਰੀ ਪਾਣੀ ਨੂੰ ਲੈ ਕੇ ਚਰਚਾ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ। ਕਿਸਾਨ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸ਼ਲਾਂਘਾ ਕਰ ਰਹੇ ਹਨ।



