ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕਰਾਂਤੀਕਾਰੀ ਭੂਮਿਕਾ ਨਿਭਾਉਣ-ਰਾਜਪਾਲ
ਸਰਹੱਦੀ ਜ਼ਿਲ੍ਹਿਆਂ ਵਿੱਚ ਪਿੰਡ ਪੱਧਰ ’ਤੇ ਬਣਾਈਆਂ ਗਈਆਂ ਡਿਫੈਂਸ ਕਮੇਟੀਆਂ ਦੇ ਚੰਗੇ ਨਤੀਜ਼ੇ ਆਏ ਸਾਹਮਣੇ
ਡਰੋਨ, ਨਸ਼ਿਆਂ ਦੀ ਬਰਾਮਦਗੀ ਵਿੱਚ ਯੋਗਦਾਨ ਪਾਉਣ ਵਾਲੀਆਂ ਪੰਚਾਇਤਾਂ/ਵਿਅਕਤੀਗਤਾਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਇਨਾਮ
‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਮ ਤਹਿਤ ਰਾਜਪਾਲ, ਡੀ.ਜੀ.ਪੀ., ਮੁੱਖ ਸਕੱਤਰ ਅਤੇ ਵਿਧਾਇਕਾਂ ਨੇ ਲਗਾਏ ਪੌਦੇ
ਫ਼ਿਰੋਜ਼ਪੁਰ 25 ਜੁਲਾਈ
ਸੂਬੇ ਦੀ ਖੁਸ਼ਹਾਲੀ, ਤਰੱਕੀ ਤੇ ਵਿਕਾਸ ਤੋਂ ਇਲਾਵਾ ਔਰਤਾਂ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਰਾਂਤੀਕਾਰੀ ਰੋਲ ਨਿਭਾਉਣ, ਹਰ ਖੇਤਰ ਵਿੱਚ ਔਰਤਾਂ ਦਾ ਅੱਗੇ ਆਉਣਾ ਦੇਸ਼ ਦੀ ਤਰੱਕੀ ਲਈ ਸ਼ੁੱਭ ਸ਼ਗਨ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਬਾਰੇ ਕੇ ਵਿਖੇ ਵਿਲੇਜ ਡਿਫੈਂਸ ਕਮੇਟੀਆਂ, ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸੂਬੇ ਦੇ ਬਾਰਡਰ ਜ਼ਿਲ੍ਹਿਆਂ ਵਿਚ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣ ਦੇ ਸ਼ੁਰੂ ਕੀਤੇ ਯਤਨ ਦੇ ਹੁਣ ਚੰਗੇ ਨਤੀਜ਼ੇ ਸਾਹਮਣੇ ਆ ਰਹੇ ਹਨ। ਸਾਡੀਆਂ ਸੁਰੱਖਿਆ ਏਜੰਸੀਆਂ ਸਰਹੱਦੋਂ ਪਾਰ ਤੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਦੇ ਸੌਦਾਗਰਾਂ ਨੂੰ ਰਲ ਕੇ ਕਾਬੂ ਕਰਨ ਵਿਚ ਵੱਡੇ ਪੱਧਰ ’ਤੇ ਕਾਮਯਾਬ ਹੋ ਰਹੀਆਂ ਹਨ।
ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਪੂਰੀ ਭਾਰਤ ਪਾਕਿ-ਸਰਹੱਦ ਉੱਤੇ ਐਂਟੀ ਡਰੋਨ ਟੈਕਨੋਲੋਜੀ ਲਗਾ ਦਿੱਤੀ ਜਾਵੇਗੀ, ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਸਮਗਲਿੰਗ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਰਾਜਪਾਲ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿਚ ਲੋਕਾਂ ਨੂੰ ਇਕੱਠੇ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ ਸੌਦਾਗਰਾਂ ਨਾਲ ਰਤੀ ਭਰ ਵੀ ਤਰਸ ਨਾਲ ਪੇਸ਼ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕਰਾਂਤੀਕਾਰੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਸ਼ਿਆਂ ਅਤੇ ਹਥਿਆਰਾਂ ਦੇ ਸੌਦਾਗਰਾਂ ਦੀ ਪੁਸ਼ਤ ਪਨਾਹੀ ਕਰ ਰਿਹਾ, ਜਿਸ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਰਾਜਪਾਲ ਨੇ ਵਿਦੇਸ਼ੀ ਧਰਤੀ ‘ਤੇ ਬੈਠ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਚੀਆਂ ਜਾ ਰਹੀਆਂ ਸਾਜਿਸ਼ਾਂ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਲੋਕ ਅਜਿਹੇ ਲੋਕਾਂ ਦੇ ਹੁਣ ਬਹਿਕਾਵੇ ਵਿਚ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਲਈ ਹਮੇਸ਼ਾਂ ਹੀ ਰਾਸ਼ਟਰ ਹਿੱਤ ਸਰਵ-ਉੱਚ ਰਿਹਾ ਹੈ।
ਉਨਾਂ ਐਲਾਨ ਕੀਤਾ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਛੇ ਜ਼ਿਲਿਆਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਕਮੇਟੀਆਂ / ਪੰਚਾਇਤਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਪਹਿਲਾ ਇਨਾਮ ਤਿੰਨ ਲੱਖ ਰੁਪਏ, ਦੂਸਰਾ ਇਨਾਮ ਦੋ ਲੱਖ ਰੁਪਏ ਤੇ ਤੀਸਰਾ ਇਨਾਮ ਇਕ ਲੱਖ ਰੁਪਏ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿਸੇ ਪਿੰਡ ਦੇ ਨਸ਼ਾ ਮੁਕਤ ਹੋ ਜਾਣ ’ਤੇ ਪਿੰਡ ਨੂੰ ਇਨਾਮੀ ਰਾਸ਼ੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿਚ ਨਸ਼ਿਆਂ ਦੇ ਖਾਤਮੇ ਲਈ ਹਰ ਜ਼ਿਲ੍ਹੇ ਵਿਚ ਪਿੰਡ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਨੇ ਸਰਹੱਦ ਉੱਤੇ ਬੈਠੇ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਦੀ ਸਿਫਤ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਸਹਿਯੋਗ ਹਮੇਸ਼ਾ ਦੁਸ਼ਮਣ ਨੂੰ ਪਛਾੜਨ ਵਿੱਚ ਕਾਰਗਰ ਸਾਬਤ ਹੋਇਆ ਹੈ ਅਤੇ ਅੱਜ ਵੀ ਨਸ਼ੇ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਪੁਲਿਸ ਨੂੰ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਤਰੱਕੀ ਤੇ ਵਿਕਾਸ ਲਈ ਔਰਤਾਂ ਦਾ ਵੀ ਬਰਾਬਰ ਦਾ ਯੋਗਦਾਨ ਹੈ।
ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸਰਕਾਰ ਸ੍ਰੀ ਅਨੁਰਾਗ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਪੱਧਰ ‘ਤੇ ਬਣੀਆਂ ਸੁਰੱਖਿਆ ਕਮੇਟੀਆਂ ਵੱਲੋ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਪੁਲਿਸ, ਬੀ.ਐਸ.ਐਫ਼. ਅਤੇ ਫੌਜ ਦੀ ਕਾਫ਼ੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੁਰੱਖਿਆ ਕਮੇਟੀਆਂ ਵੱਲੋਂ ਦਿੱਤੀ ਜਾਂਦੀ ਫੀਡਬੈਕ ਵੀ ਦੇਸ਼ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਸਹਾਈ ਸਿੱਧ ਹੋ ਰਹੀ ਹੈ।
ਇਸ ਮੌਕੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਜੋ ਵੀ ਵਿਅਕਤੀ ਸਰਹੱਦ ਪਾਰ ਤੋਂ ਆਉਂਦੇ ਡਰੋਨ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰੇਗਾ ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਲਗਾਤਾਰ ਨਸ਼ੇ ਵਿਰੁੱਧ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਤੁਹਾਡਾ ਸਾਥ ਦੇਣ ਲਈ ਆਉਂਦੇ ਰਹਿਣਗੇ।
ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦਾ ਫ਼ਿਰੋਜ਼ਪੁਰ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ, ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਨਾਲ ਪਿਛਲੇ ਸਮੇਂ ਦੌਰਾਨ ਨਸ਼ਿਆਂ ਤਸਕਰਾਂ ’ਤੇ ਵੱਡੇ ਪੱਧਰ ’ਤੇ ਕਾਬੂ ਪਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਚਲਾਈ ਮੁਹਿੰਮ ‘ਹਰ ਮਨੁੱਖ ਲਾਵੇ ਇਕ ਰੁੱਖ’ ਤਹਿਤ ਰਾਜਪਾਲ, ਡੀ.ਜੀ.ਪੀ., ਮੁੱਖ ਸਕੱਤਰ ਅਤੇ ਵਿਧਾਇਕਾਂ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੌਦੇ ਲਗਾਏ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ‘ਹਰ ਮਨੁੱਖ ਲਾਵੇ ਇਕ ਰੁੱਖ’ ਮੁਹਿੰਤ ਤਹਿਤ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਰਿਵਾਇਤੀ ਰੁੱਖ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਕੁੱਲ 10 ਲੱਖ ਰੁੱਖ ਲਗਾਉਣ ਦਾ ਟੀਚਾ ਹੈ ਜਿਸ ਵਿੱਚੋਂ 5 ਲੱਖ ਰੁੱਖ ਲਗਾ ਦਿੱਤੇ ਗਏ ਹਨ।
ਇਸ ਮੌਕੇ ਪੰਜਾਬ ਪੁਲਿਸ ਅਤੇ ਬੀ.ਐਸ.ਐਫ਼. ਵੱਲੋਂ ਪਿਛਲੇ ਸਮੇਂ ਦੌਰਾਨ ਫ਼ੜੇ ਗਏ ਡਰੋਨ, ਹਥਿਆਰਾਂ ਅਤੇ ਨਸ਼ੇ ਦੇ ਖੇਪਾਂ ਦੀ ਰਿਕਵਰੀ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਵਿਧਾਇਕ ਗੁਰੂਹਰਸਹਾਏ ਫ਼ੌਜਾ ਸਿੰਘ ਸਰਾਰੀ, ਵਧੀਕ ਮੁੱਖ ਸਕੱਤਰ ਸ਼੍ਰੀ ਕੇ ਸ਼ਿਵਾ ਪ੍ਰਸਾਦ, ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਸ੍ਰੀ ਅਰੁਣ ਸੇਖੜੀ, ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸ੍ਰੀ ਅਜੇ ਮਲੂਜਾ, ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ, ਐਸ.ਐਸ.ਪੀ. ਫ਼ਿਰੋਜ਼ਪੁਰ ਸੌਮਿਆ ਮਿਸ਼ਰਾ, ਐਸ.ਐਸ.ਪੀ. ਫ਼ਾਜ਼ਿਲਕਾ ਡਾ.ਪ੍ਰਗਿਆ ਜੈਨ ਅਤੇ ਫ਼ੌਜ ਤੇ ਬੀ.ਐਸ.ਐਫ਼ ਦੇ ਅਧਿਕਾਰੀਆਂ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।