ਭੀਖ ਮੰਗਣ ਵਾਲੇ ਤੇ ਪੜ੍ਹਾਈ ਵਿਚਕਾਰ ਛੱਡ ਚੁੱਕੇ ਬੱਚਿਆਂ ਨੂੰ ਸਿੱਖਿਆ ਨਾਲ ਜੋੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ

·        ਈਵਨਿੰਗ ਸਕੂਲ ਖੋਲ੍ਹ ਕੇ ਬੱਚਿਆਂ ਨੂੰ ਦੁਬਾਰਾ ਸਿੱਖਿਆ ਨਾਲ ਜਾਵੇਗਾ ਜੋੜਿਆ

·        ਪੜ੍ਹਾਈ ਵਿਚਕਾਰ ਛੱਡ ਚੁੱਕੇ 464 ਬੱਚਿਆਂ ਦੀ ਕੀਤੀ ਪਹਿਚਾਣ

·        ਭੀਖ ਮੰਗਣ ਵਾਲੇ ਬੱਚਿਆਂ ਦਾ ਜਲਦ ਸ਼ੁਰੂ ਕੀਤਾ ਜਾਵੇਗਾ ਸਰਵੇਂ

        ਬਠਿੰਡਾ, 15 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਹੋਰ ਉਭਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਿਕਾਸ ਇੰਟਰਿਨਸ਼ਿਪ ਪ੍ਰੋਗਰਾਮ ਤਹਿਤ ਭੀਖ ਮੰਗਣ ਵਾਲੇ ਤੇ ਪੜ੍ਹਾਈ ਵਿਚਕਾਰ ਛੱਡ ਚੁੱਕੇ ਬੱਚਿਆਂ ਦੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਜੇ. ਇਲਨਚੇਲੀਅਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲੀ ਸਤੰਬਰ 2022 ਤੋਂ ਜ਼ਿਲ੍ਹਾ ਵਿਕਾਸ ਇੰਟਰਿਨਸ਼ਿਪ ਪ੍ਰੋਗਰਾਮ ਤਹਿਤ ਪੜ੍ਹਾਈ ਵਿਚਕਾਰ ਛੱਡ ਚੁੱਕੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਹੋਣਹਾਰ ਤੇ ਮਿਹਨਤੀ 18 ਇੰਟਰਨਸ਼ਿਪ ਵਿਦਿਆਰਥੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਜਿਨ੍ਹਾਂ ਨੂੰ ਸਥਾਨਕ ਕੇਂਦਰੀ ਯੂਨੀਵਰਸਿਟੀ ਦੇ ਸਾਇਕੋਲੋਜ਼ੀ ਵਿਭਾਗ ਦੇ ਮੁਖੀ ਡਾ. ਜੈਵਿਲ ਵਲੋਂ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਗਈ।

        ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਕੂਲ ਛੱਡ ਚੁੱਕੇ ਬੱਚਿਆਂ ਤੋਂ ਇਲਾਵਾ ਸ਼ਹਿਰ ਅੰਦਰ ਭੀਖ ਮੰਗਣ ਵਾਲੇ ਬੱਚਿਆਂ ਦਾ ਜਲਦ ਸਰਵੇ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਬੱਚਿਆਂ ਦੀ ਸ਼ਨਾਖਤ ਕਰਕੇ ਮੁੜ ਸਿੱਖਿਆ ਦੇ ਖੇਤਰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭੀਖ ਮੰਗਣ ਵਾਲੇ ਤੇ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਦੁਬਾਰਾ ਸਿੱਖਿਆ ਨਾਲ ਜੋੜ੍ਹਨ ਲਈ ਸਬੰਧਤ ਵੱਖ-ਵੱਖ ਖੇਤਰਾਂ ਵਿੱਚ ਈਵਨਿੰਗ ਸਕੂਲ ਖੋਲ੍ਹੇ ਜਾਣਗੇ, ਜਿਨ੍ਹਾਂ ਚ ਮਾਹਿਰ ਅਧਿਆਪਕਾਂ ਵਲੋਂ ਵਿਸ਼ੇਸ਼ ਤੌਰ ਤੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ।

        ਜ਼ਿਲ੍ਹਾ ਡਿਵੈਲਪਮੈਂਟ ਫੈਲੋ ਸ਼੍ਰੀ ਵਿਜੈ ਪ੍ਰਕਾਸ਼ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਇੰਟਰਨਸ਼ਿਪ ਵਿਦਿਆਰਥੀਆਂ ਵਲੋਂ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਵੱਖ-ਵੱਖ ਸਲੱਮ ਖੇਤਰਾਂ ਨਾਲ ਸਬੰਧਤ ਪੜ੍ਹਾਈ ਵਿਚਕਾਰ ਛੱਡ ਚੁੱਕੇ 999 ਬੱਚਿਆਂ ਚੋਂ 464 ਬੱਚੇ ਅਜਿਹੇ ਪਾਏ ਗਏ ਜੋ ਸਮਾਜਿਕ-ਆਰਥਿਕ ਕਾਰਨਾਂ ਕਰਕੇ ਪੜ੍ਹਾਈ ਛੱਡ ਚੁੱਕੇ ਸਨ। ਇਨ੍ਹਾਂ ਚੋਂ 26 ਅਜਿਹੇ ਬੱਚੇ ਸਨ ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਗਿਆ ਹੈ।  ਇਸ ਤੋਂ ਇਲਾਵਾ 254 ਅਜਿਹੇ ਬੱਚੇ ਪਾਏ ਗਏ ਜਿਨ੍ਹਾਂ ਕੋਲ ਕੋਈ ਵੀ ਸ਼ਨਾਖ਼ਤੀ ਜਾਂ ਆਧਾਰ ਕਾਰਡ ਨਹੀਂ ਹਨ ਜਿਨ੍ਹਾਂ ਦੇ ਜਲਦ ਦਸਤਾਵੇਜ਼ ਬਣਵਾ ਕੇ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।

CATEGORIES
TAGS
Share This

COMMENTS

Wordpress (0)
Disqus (0 )
Translate