ਨਹਿਰਾਂ ਵਿੱਚ ਆ ਰਹੇ ਗੰਦੇ ਪਾਣੀ ਨੂੰ ਲੈ ਕੇ ਵਾਟਰ ਸਪਲਾਈ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਭਰੇ ਗਏ ਸੈਂਪਲ
ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਪਿੰਡਾਂ ਵਿੱਚ ਜਾ ਕੇ ਕਰ ਰਹੇ ਹਨ ਜਾਗਰੂਕ
ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਲਈ ਵਿਭਾਗ ਵਚਨਵੱਧ- ਕਾਰਜਕਾਰੀ ਇੰਜੀਨੀਅਰ
ਅਬੋਹਰ 25 ਅਪ੍ਰੈਲ (ਜਗਜੀਤ ਸਿੰਘ ਧਾਲੀਵਾਲ)-ਪਿਛਲੇ ਕਾਫੀ ਦਿਨਾਂ ਤੋਂ ਨਹਿਰਾਂ ਵਿੱਚ ਆ ਰਹੇ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਵਾਟਰ ਸਪਲਾਈ ਵਿਭਾਗ ਵੱਲੋਂ ਵੀ ਜੰਗੀ ਪੱਧਰ ਤੇ ਕੰਮ ਕੀਤਾ ਗਿਆ ਹੈ। ਵਿਭਾਗ ਵੱਲੋਂ ਜਿੱਥੇ ਵੱਖ ਵੱਖ ਥਾਵਾਂ ਤੋਂ ਸੈਂਪਲ ਭਰੇ ਗਏ ਉੱਥੇ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਵਾਟਰ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਮੰਡਲ ਅਧੀਨ ਜਲ ਸਪਲਾਈ ਵਿਭਾਗ ਦੀਆਂ 98 ਜਲ ਸਕੀਮਾਂ ਆਉਂਦੀਆਂ ਹਨ ਤੇ ਇਹਨਾਂ ਸਕੀਮਾਂ ਨੂੰ ਰਾਅ ਪਾਣੀ ਦੀ ਸਪਲਾਈ ਜਿਹੜੇ ਮਾਈਨਰਾਂ ਤੋਂ ਆਉਂਦੀ ਹੈ ਉਹਨਾਂ ਮਾਈਨਰਾਂ ਵਿੱਚ ਗੰਦੇ ਪਾਣੀ ਦੀ ਸੂਚਨਾ ਮਿਲਦਿਆਂ ਹੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਾਟਰ ਵਰਕਸ ਦੇ ਮੋਘਿਆਂ ਨੂੰ ਤੁਰੰਤ ਬੰਦ ਕਰਵਾਇਆ ਗਿਆ। ਉਸ ਤੋਂ ਬਾਅਦ ਮਾਈਨਰਾਂ ਦੇ ਨਾਲ ਨਾਲ ਜਲ ਘਰਾਂ ਤੋਂ ਵੀ ਪਾਣੀ ਦੇ ਸੈਂਪਲ ਵਿਭਾਗ ਵੱਲੋਂ ਇਕੱਠੇ ਕੀਤੇ ਗਏ ਤੇ ਇਹਨਾਂ ਸੈਂਪਲਾਂ ਦੀ ਟੈਸਟਿੰਗ ਕੀਤੀ ਗਈ। ਜਿਸ ਤੋਂ ਬਾਅਦ ਹੈਵੀ ਮੈਟਲ ਤੇ ਹੋਰ ਜਾਂਚ ਪੜਤਾਲ ਲਈ ਪਾਣੀ ਦੇ ਸੈਂਪਲ ਮੁਹਾਲੀ ਸਥਿਤ ਵਾਟਰ ਟੈਸਟਿੰਗ ਲੈਬ ਤੇ ਮੋਗਾ ਵਿਖੇ ਭੇਜੇ ਗਏ ਹਨ। ਉਨਾਂ ਕਿਹਾ ਕਿ ਪਾਣੀ ਬਹੁਤ ਗੰਦਲਾ ਸੀ ਇਸ ਕਰਕੇ ਪਾਣੀ ਪਿੰਡਾਂ ਦੇ ਵਾਟਰ ਵਰਕਸਾਂ ਵਿੱਚ ਨਹੀਂ ਪਾਇਆ ਗਿਆ ਤੇ ਹਰ ਪਿੰਡ ਵਿੱਚ ਪਾਣੀ ਸਾਫ ਕਰਨ ਲਈ ਕਲੋਰੀਨੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪਾਣੀ ਦੀ ਗੁਣਵੱਤਾ ਚੈੱਕ ਕਰਨ ਬਾਅਦ ਪਾਣੀ ਦੀ ਸਪਲਾਈ ਜਲ ਘਰਾਂ ਨੂੰ ਸ਼ੁਰੂ ਕਰ ਦਿੱਤੀ ਜਾਵੇਗੀ।

ਕਾਰਜਕਾਰੀ ਇੰਜੀਨੀਅਰ ਨੇ ਕਿਹਾ ਕਿ ਵਿਭਾਗ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪਾਣੀ ਸਾਫ ਹੋ ਗਿਆ ਉਸ ਤੋਂ ਬਾਅਦ ਸੋਡੀਅਮ ਹਾਈਪੋਕਲੋਰਾਈਟ ਪਾ ਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।



