ਜੇ 50 ਹਜਾਰ ਵੋਟਾਂ ਦੀ ਲੀਡ ਦਵਾ ਕੇ ਵੀ ਜਾਖੜ ਨੇ ਮਦਦ ਨਹੀਂ ਕੀਤੀ ਤਾਂ ਸੋਢੀ ਸਾਹਬ ਮਦਦ ਦੀ ਕੀ ਹੁੰਦੀ ਹੈ ਪਰਿਭਾਸ਼ਾ, ਤੁਸੀਂ ਹੀ ਦੱਸ ਦਿਓ-ਸੁਸ਼ੀਲ ਸਿਆਗ
ਅਬੋਹਰ 14 ਜੁਲਾਈ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਬੀਤੇ ਸਮੇਂ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਗਿਆ ਸੀ ਕਿ ਜੇਕਰ ਸੁਨੀਲ ਜਾਖੜ ਨੇ ਉਹਨਾਂ ਦੀ ਮਦਦ ਕੀਤੀ ਹੁੰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵੱਖ-ਵੱਖ ਆਗੂਆਂ ਵੱਲੋਂ ਰਾਣਾ ਸੋਡੀ ਤੋਂ ਸਵਾਲ ਪੁੱਛੇ ਜਾ ਰਹੇ ਹਨ। ਭਾਜਪਾ ਦੇ ਖੂਹੀਆਂ ਸਰਵਰ ਮੰਡਲ ਇਚਾਰਜ ਤੇ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਫਾਜ਼ਲਕਾ ਐਡਵੋਕੇਟ ਸੁਸ਼ੀਲ ਸਿਆਗ ਨੇ ਕਿਹਾ ਕਿ ਜੇ 50 ਹਜਾਰ ਵੋਟਾਂ ਦੀ ਲੀਡ ਦਵਾ ਕੇ ਵੀ ਸੁਨੀਲ ਜਾਖੜ ਨੇ ਮਦਦ ਨਹੀਂ ਕੀਤੀ ਤਾਂ ਸੋਢੀ ਸਾਹਿਬ ਮਦਦ ਦੀ ਪਰਿਭਾਸ਼ਾ ਕੀ ਹੁੰਦੀ ਹੈ ਤੁਸੀਂ ਦੱਸ ਦਿਓ। ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਾਖੜ ਪਰਿਵਾਰ ਵੱਲੋਂ ਕੀਤੀ ਮਿਹਨਤ ਸਦਕਾ ਹੀ ਤੁਹਾਨੂੰ ਅਬੋਹਰ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਤੋਂ ਕਰੀਬ 50 ਹਜਾਰ ਵੋਟਾਂ ਦੀ ਰਿਕਾਰਡ ਤੋੜ ਲੀਡ ਪ੍ਰਾਪਤ ਹੋਈ ਹੈ। ਇਸ ਦੇ ਬਾਵਜੂਦ ਰਾਣੇ ਸੋਢੀ ਦਾ ਇਹ ਬਿਆਨ ਬਹੁਤ ਹੀ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਪਰ ਰਾਣੇ ਸੋਢੀ ਦੇ ਇਸ ਬਿਆਨ ਕਾਰਨ ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਰਕਰਾਂ ਦਾ ਧੰਨਵਾਦ ਕਰਨ ਦੀ ਬਜਾਏ ਉਹਨਾਂ ਦੀ ਕੀਤੀ ਮਿਹਨਤ ਨੂੰ ਨਕਾਰਿਆ ਜਾ ਰਿਹਾ ਹੈ। ਐਡਵੋਕੇਟ ਸੁਸ਼ੀਲ ਸਿਆਗ ਨੇ ਕਿਹਾ ਕਿ ਅਬੋਹਰ ਤੇ ਬੱਲੂਆਣਾ ਹਲਕੇ ਵਿੱਚੋਂ ਤਾਂ 50 ਹਜਾਰ ਦੀ ਲੀਡ ਮਿਲੀ ਸੀ ਰਾਣਾ ਸੋਢੀ ਦੇ ਗ੍ਰਹਿ ਹਲਕੇ ਗੁਰੂਹਰਸਹਾਇ ਵਿੱਚ ਇੰਨੀ ਮਾੜੀ ਹਾਲਤ ਹੋਈ ਉਸ ਦਾ ਠੀਕਰਾ ਹੋਰਾਂ ਸਿਰ ਭੰਨਣਾ ਜਾਇਜ਼ ਨਹੀਂ ਹੈ।ਤੁਹਾਨੂੰ ਆਪਣੇ ਜੱਦੀ ਹਲਕੇ ਵਿੱਚੋਂ ਸਿਰਫ 12 ਹਜਾਰ ਵੋਟਾਂ ਪਈਆਂ ਹਨ ਜਿਹੜੀਆਂ ਕਿ ਕੁੱਲ ਵੋਟਿੰਗ ਦਾ ਸਿਰਫ 11.34 ਫੀਸਦੀ ਹਿੱਸਾ ਹੈ ਜਦੋਂ ਕਿ ਅਬੋਹਰ ਹਲਕੇ ਤੋਂ ਤੁਹਾਨੂੰ 49.37 ਫੀਸਦੀ ਰਿਕਾਰਡ ਵੋਟਾਂ ਪਈਆਂ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਭਾਜਪਾ ਹਾਈ ਕਮਾਂਡ ਨੂੰ ਦਖਲ ਦੇਣਾ ਚਾਹੀਦਾ ਹੈ ਤੇ ਵਰਕਰਾਂ ਦੀ ਮਿਹਨਤ ਨੂੰ ਨਕਾਰਨ ਵਾਲੇ ਆਗੂਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।



