ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਰਾਹੀਂ ਉੱਦਮੀ ਬਣੀਆਂ ਜ਼ਿਲ੍ਹਾ ਬਰਨਾਲਾ ਦੀਆਂ ਔਰਤਾਂ

ਜ਼ਿਲ੍ਹੇ ਵਿੱਚ ਚੱਲ ਰਹੀਆਂ ਹਨ 4 ਕੰਪਨੀਆਂ, ਔਰਤਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਆਰਥਿਕ ਤੌਰ ‘ਤੇ ਬਣਾਇਆ ਜਾ ਰਿਹਾ ਆਤਮ ਨਿਰਭਰ

* ਡਰੋਨ ਪਾਇਲਟ, ਪਸ਼ੂ ਪਾਲਣ, ਖਾਦ ਵਿਕਰੇਤਾ ਬਣ ਕੇ ਆਮਦਨ ‘ਚ ਇਜ਼ਾਫਾ ਕਰ ਰਹੀਆਂ ਨੇ ਔਰਤਾਂ

ਬਰਨਾਲਾ, 10 ਜੁਲਾਈ
     ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਉਣ ਲਈ ਉੱਦਮੀ ਬਣਾਉਣ ਵਾਸਤੇ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਪਿੰਡਾਂ ਦੀਆਂ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਜਿੱਥੇ ਔਰਤਾਂ ਡਰੋਨ ਪਾਇਲਟ ਬਣ ਕੇ ਆਰਥਿਕ ਤੌਰ ‘ਤੇ ਆਤਮ ਨਿਰਭਰ ਹੋਈਆਂ ਹਨ, ਓਥੇ ਪਸ਼ੂ ਖੁਰਾਕ, ਖਾਦ/ਕੀਟਨਾਸ਼ਕਾਂ ਦੀ ਵਿਕਰੀ, ਸਰੋਂ ਦੇ ਤੇਲ ਦੇ ਯੂਨਿਟ, ਪਸ਼ੂ ਪਾਲਣ ਆਦਿ ਕਿੱਤਿਆਂ ਨਾਲ ਉੱਦਮੀ ਬਣੀਆਂ ਹਨ।
     ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਦਮ ਸਦਕਾ ਗ੍ਰਾਂਟ ਥਾਰਨਟਨ ਭਾਰਤ ਐਲ ਐਲ ਪੀ ਅਤੇ ਐਚਡੀਐਫਸੀ ਦੇ ਸਹਿਯੋਗ ਨਾਲ ਸਾਲ 2022 ਵਿੱਚ ਪ੍ਰੋਜੈਕਟ ਸਟ੍ਰੀ (ਸੋਸ਼ਲ ਟਰਾਂਸਫਾਰਮੇਟਿਵ ਰੂਰਲ ਇਕਨੌਮਿਕ ਐਮਪਾਵਰਮੈਂਟ) ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਜ਼ਿਲ੍ਹੇ ਵਿੱਚ 4 ਮਹਿਲਾ ਕਿਸਾਨ ਉਤਪਾਦਕ ਕੰਪਨੀਆਂ (ਐਫਪੀਸੀ) ਬਣਾਈਆਂ ਗਈਆਂ ਤੇ ਹਰ ਇੱਕ ਕੰਪਨੀ ਵਿੱਚ 500 ਤੋਂ ਵੱਧ ਸ਼ੇਅਰਧਾਰਕ ਔਰਤਾਂ ਹਨ, ਜਿਸ ਨਾਲ ਬਰਨਾਲਾ ਜ਼ਿਲ੍ਹੇ ਵਿੱਚ 5000 ਤੋਂ ਵੱਧ ਔਰਤਾਂ ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਨਾਲ ਜੁੜੀਆਂ ਹਨ।
 ਚੜ੍ਹਦੀ ਕਲਾ ਮਹਿਲਾ ਕਿਸਾਨ ਉਤਪਾਦਕ ਕੰਪਨੀ ਦੀ ਬੋਰਡ ਆਫ ਡਾਇਰੈਕਟਰ ਬਣੀ 27 ਸਾਲਾ ਲੜਕੀ ਕੁਲਵਿੰਦਰ ਕੌਰ ਵਾਸੀ ਕੋਟਦੁੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ 2023 ਵਿੱਚ ਆਪਣੀ ਕੰਪਨੀ ਰਜਿਸਟਰਡ ਕਰਵਾਈ ਸੀ ਤੇ ਆਸ-ਪਾਸ ਦੀਆਂ 500 ਤੋਂ ਵੱਧ ਔਰਤਾਂ ਇਸ ਕੰਪਨੀ ਨਾਲ ਜੁੜੀਆਂ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲਾਇਸੈਂਸ ਲੈ ਕੇ ਪਿੰਡ ਵਿੱਚ ਹੀ ਪਸ਼ੂ ਖੁਰਾਕ ਦੀ ਦੁਕਾਨ ਸ਼ੁਰੂ ਕੀਤੀ ਹੈ ਤੇ ਜਿਸ ਵਾਸਤੇ ਉਨ੍ਹਾਂ ਨੂੰ ਦੁਕਾਨ ਦਾ ਕਿਰਾਇਆ, ਫਰਨੀਚਰ, ਵਿਕਰੀ ਕਰਨ ਵਾਲੇ ਦੀ ਤਨਖਾਹ, ਲੈਪਟਾਪ ਆਦਿ ਸਹੂਲਤਾਂ ਮੁਫ਼ਤ ਦਿੱਤੀਆਂ ਗਈਆਂ ਹਨ ਤੇ ਉਹ ਆਪਣਾ ਇਹ ਕਾਰੋਬਾਰ ਸਫਲਤਾ ਪੂਰਵਕ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੱਖ ਵੱਖ ਕਿੱਤਿਆਂ ਬਾਰੇ ਮੁਫ਼ਤ ਸਿਖਲਾਈ ਵੀ ਦਿੱਤੀ ਗਈ।
 ਇਸੇ ਤਰ੍ਹਾਂ ਨਮੋ ਡਰੋਨ ਦੀਦੀ ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡ ਸੇਖਾ ਅਤੇ ਅਸਪਾਲ ਕਲਾਂ ਦੀਆਂ ਔਰਤਾਂ ਡਰੋਨ ਪਾਇਲਟ ਬਣੀਆਂ ਹਨ। ਇਸ ਤਹਿਤ ਕਿਰਨਪਾਲ ਕੌਰ ਅਤੇ ਪਰਨੀਤ ਕੌਰ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਜਿਨ੍ਹਾਂ ਨੇ ਦੱਸਿਆ ਕਿ ਨੈਨੋ ਯੂਰੀਆ ਦੇ ਫ਼ਸਲੀ ਛਿੜਕਾਅ ਲਈ ਉਨ੍ਹਾਂ ਨੂੰ ਮੁਫ਼ਤ ਡਰੋਨ ਦਿੱਤੇ ਗਏ ਹਨ, ਜਿੰਨਾ ਨਾਲ ਇਹ ਆਸ ਪਾਸ ਦੇ ਪਿੰਡਾਂ ‘ਚ ਫਸਲਾਂ ‘ਤੇ ਛਿੜਕਾਅ ਕਰਦੇ ਹਨ ਤੇ ਚੰਗੀ ਕਮਾਈ ਕਰ ਰਹੇ ਹਨ।
     ਇਸ ਮੌਕੇ ਮਨਪ੍ਰੀਤ ਸਿੰਘ (ਮੈਨੇਜਰ ਗ੍ਰਾਂਟ ਥਾਰਨਟਨ ਭਾਰਤ ਐਲ ਐਲ ਪੀ) ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 4 ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਸਿੱਧਭੋਈ ਮਹਿਲਾ ਕਿਸਾਨ ਉਤਪਾਦਕ ਕੰਪਨੀ ਲਿਮਟਿਡ, ਪਿੰਡ ਭੋਤਨਾ ਵਿੱਚ ਮਾਤਾ ਭਾਗੋ ਵੂਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ (ਬਰਨਾਲਾ ਬਲਾਕ), ਸ਼ਹਿਣਾ ਬਲਾਕ ਵਿੱਚ ਸਾਡੀ ਧਰਤੀ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਟਿਡ ਤੇ ਕੋਟਦੁੰਨਾ ‘ਚ ਚੜ੍ਹਦੀ ਕਲਾ ਫਾਰਮਰ ਪ੍ਰੋਡਿਊਸਰ ਕੰਪਨੀ ਚੱਲ ਰਹੀ ਹੈ।
 ਇਸ ਮੌਕੇ ਪੰਧੇਰ ਵਾਸੀ ਮਨਜੀਤ ਕੌਰ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਟ੍ਰੀ ਤਹਿਤ ਪਸ਼ੂ ਪਾਲਣ ਤੇ ਖੁੰਭ ਕਾਸ਼ਤ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਬਾਹਰਲੇ ਦੇਸ਼ਾਂ ਤੋਂ ਆਏ ਮਾਹਿਰਾਂ ਨੇ ਆਪਣੇ ਤਜਰਬੇ ਦੱਸੇ ਜਿਨ੍ਹਾਂ ਨੂੰ ਅਪਣਾ ਕੇ ਓਹ ਪਸ਼ੂ ਪਾਲਣ ਨਾਲ ਜੁੜ ਕੇ ਬਿਹਤਰ ਮੁਨਾਫ਼ਾ ਲੈ ਰਹੇ ਹਨ।

ਔਰਤਾਂ ਨੂੰ ਉੱਦਮੀ ਬਣਾਉਣਾ ਮੁੱਖ ਮਕਸਦ: ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ਨੂੰ ਸਵੈ ਸੇਵੀ ਗਰੁੱਪਾਂ ਅਤੇ ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਰਾਹੀਂ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਮੁਫ਼ਤ ਸਿਖਲਾਈ, ਲੋੜੀਂਦਾ ਸਮਾਨ, ਬੈਂਕਾਂ ਤੋਂ ਲੋਨ ਸਣੇ ਅਨੇਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਔਰਤਾਂ ਉੱਦਮੀ ਬਣ ਕੇ ਅੱਗੇ ਵਧ ਸਕਣ।

CATEGORIES
Share This

COMMENTS

Wordpress (0)
Disqus (0 )
Translate