ਇਸ ਸਾਲ ਬਿਜਲੀ ਦੀ ਚੰਗਿਆੜੀ ਕਾਰਨ ਫਸਲਾਂ ਨੂੰ ਅੱਗ ਲੱਗਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ
ਪੀ.ਐਸ.ਪੀ.ਸੀ.ਐਲ ਨੇ 19 ਜੂਨ ਨੂੰ 16,078 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ: ਹਰਭਜਨ ਸਿੰਘ ਈ.ਟੀ.ਓ.
ਬਿਜਲੀ ਉਪਲਬਧਤਾ ਦੇ ਢੁਕਵੇਂ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਸਦਕਾ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ
ਚੱਲ ਰਹੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ, 22 ਜੂਨ
ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਬਿਜਲੀ ਦੀ ਪਿਛਲੇ ਸਾਲ ਦੀ ਵੱਧ ਤੋਂ ਵੱਧ 15,325 ਮੈਗਾਵਾਟ ਦੀ ਮੰਗ ਨੂੰ ਪਾਰ ਕਰਦਿਆਂ ਇਸ ਸਾਲ 19 ਜੂਨ ਨੂੰ 16,078 ਮੈਗਾਵਾਟ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਸੂਬੇ ਭਰ ਵਿੱਚ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਖੇਤੀਬਾੜੀ ਫੀਡਰਾਂ ਨੂੰ ਰੋਜ਼ਾਨਾ 8 ਘੰਟੇ ਮੁਹੱਈਆ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਦੇ ਨਾਲ-ਨਾਲ ਕਿਸੇ ਵੀ ਖਪਤਕਾਰ ਵਰਗ ‘ਤੇ ਕੋਈ ਕੱਟ ਨਹੀਂ ਲਗਾਏ ਗਏ।
ਬਿਜਲੀ ਮੰਤਰੀ ਨੇ ਦੱਸਿਆ ਕਿ ਰਾਜ ਭਰ ਵਿੱਚ 11 ਕੇਵੀ ਦੇ 13340 ਫੀਡਰ ਹਨ ਜਿਨ੍ਹਾਂ ਵਿੱਚੋਂ 6954 ਫੀਡਰ ਕਰੀਬ 14 ਲੱਖ ਟਿਊਬਵੈੱਲ ਕੁਨੈਕਸ਼ਨਾਂ ਨੂੰ ਖੇਤੀਬਾੜੀ ਸਪਲਾਈ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਬਿਜਲੀ ਉਪਲਬਧਤਾ ਦੇ ਪ੍ਰਬੰਧ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਕੰਮਾਂ ਸਮੇਤ ਕਈ ਕਦਮ ਚੁੱਕੇ ਹਨ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਝੋਨੇ ਦੇ ਚੱਲ ਰਹੇ ਸੀਜ਼ਨ ਲਈ ਸੂਬੇ ਦੇ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਮੁੱਖ ਸਕੱਤਰ ਬਿਜਲੀ ਸ੍ਰੀ ਤਜਵੀਰ ਸਿੰਘ, ਸੀ.ਐਮ.ਡੀ./ਪੀ.ਐਸ.ਪੀ.ਸੀ.ਐਲ. ਇੰਜ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟਰੀਬਿਊਸ਼ਨ, ਪੀ.ਐਸ.ਪੀ.ਸੀ.ਐਲ., ਇੰਜ. ਡੀ.ਪੀ.ਐਸ. ਗਰੇਵਾਲ, ਅਤੇ ਡਾਇਰੈਕਟਰ ਜਨਰੇਸ਼ਨ, ਪੀ.ਐਸ.ਪੀ.ਸੀ.ਐਲ, ਇੰਜ. ਪਰਮਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੇ ਬਿਜਲੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ ਗਰਮੀ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕਈ ਉਪਾਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸ਼ਹਿਰੀ ਕੇਂਦਰਾਂ ਵਿੱਚ ਮੋਬਾਈਲ ਟਰਾਂਸਫਾਰਮਰ ਸਥਾਪਤ ਕਰਨਾ, ਡਿਵੀਜ਼ਨ ਪੱਧਰ ਅਤੇ ਗਰਿੱਡ ਸਬਸਟੇਸ਼ਨ ’ਤੇ ਮਟੀਰੀਅਲ ਸਟੋਰ ਸਥਾਪਤ ਕਰਨਾ, ਡਵੀਜ਼ਨ ਪੱਧਰ ’ਤੇ 104 ਨੋਡਲ ਸ਼ਿਕਾਇਤ ਕੇਂਦਰ ਸਥਾਪਤ ਕਰਨਾ, 21 ਸਰਕਲਾਂ ‘ਤੇ ਕੰਟਰੋਲ ਰੂਮ ਸਥਾਪਤ ਕਰਨਾ, ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਦੇ ਕੰਟਰੋਲ ਰੂਮ ਤੋਂ ਇਲਾਵਾ 5 ਜ਼ੋਨ ਸਥਾਪਤ ਕਰਨਾ ਅਤੇ ਸ਼ਿਕਾਇਤਾਂ ਨਾਲ ਨਜਿੱਠਣ ਲਈ ਲੋੜੀਂਦੀ ਮੈਨਪਾਵਰ ਤਾਇਨਾਤ ਕਰਨਾ ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ, ਪੀ.ਐਸ.ਪੀ.ਸੀ.ਐਲ. ਵੱਲੋਂ ਦੱਸਿਆ ਗਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਲੋੜਾਂ ਨੂੰ ਪੂਰਾ ਕਰਨ ਲਈ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ, ਕੇਬਲਾਂ/ਪੀ.ਵੀ.ਸੀ, ਕੰਡਕਟਰਾਂ, ਖੰਭਿਆਂ ਅਤੇ ਹੋਰ ਸਮਾਨ ਦੀ ਸਟਾਕ ਸਥਿਤੀ ਅਤੇ ਸਪਲਾਈ ਲੋੜੀਂਦੀ ਮਾਤਰਾ ਵਿੱਚ ਮੌਜੂਦ ਹੈ। ਪੀ.ਐਸ.ਪੀ.ਸੀ.ਐਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਅਤੇ ਪਾਵਰ ਲਾਈਨਾਂ ਸਮੇਤ ਬਿਜਲੀ ਵੰਡ ਪ੍ਰਣਾਲੀ ਦਾ ਵਿਆਪਕ ਰੱਖ-ਰਖਾਅ ਕੀਤਾ ਗਿਆ। ਇਸ ਪ੍ਰਬੰਧਾਂ ਦੇ ਨਤੀਜੇ ਵਜੋਂ ਪੰਜਾਬ ਵਿੱਚ ਇਸ ਸਾਲ ਬਿਜਲੀ ਦੀ ਚੰਗਿਆੜੀ ਕਾਰਨ ਫਸਲਾਂ ਨੂੰ ਅੱਗ ਲੱਗਣ ਦੀ ਕੋਈ ਵੀ ਘਟਨਾ ਰਿਪੋਰਟ ਨਹੀਂ ਹੋਈ।
ਬਿਜਲੀ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਹਦਾਇਤ ਕੀਤੀ ਕਿ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੇ ਕੱਟ ਨਾ ਲੱਗਣ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੀ ਸਮਾਪਤੀ ਬਿਜਲੀ ਮੰਤਰੀ ਨੇ ਬਿਜਲੀ ਕੰਪਨੀਆਂ ਵੱਲੋਂ ਕੀਤੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭਰੋਸਾ ਹੈ ਕਿ ਗਰਮੀ ਦੇ ਮੌਸਮ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।