ਲੁਧਿਆਣਾ ਨਗਰ ਨਿਗਮ ਦਾ ਕਲਰਕ 11500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ
ਚੰਡੀਗੜ੍ਹ, 20 ਮਈ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਏ, ਲੁਧਿਆਣਾ ਵਿੱਚ ਕਲਰਕ ਵਜੋਂ ਤਾਇਨਾਤ ਰਾਹੁਲ ਮਹਾਜਨ, ਜੋ ਕਿ ਗੁਰੂ ਨਾਨਕ ਨਗਰ, ਸਿਵਲ ਲਾਈਨਜ਼, ਲੁਧਿਆਣਾ ਦਾ ਰਹਿਣ ਵਾਲਾ ਹੈ, ਨੂੰ 11500 ਰੁਪਏ ਰਿਸ਼ਵਤ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਰਜਿੰਦਰ ਪਾਲ ਸ਼ਰਮਾ ਵਾਸੀ ਫਰੀਦ ਨਗਰ, ਰਾਮਪੁਰਾ ਫੂਲ, ਬਠਿੰਡਾ ਜਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।
ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸਨੇ ਆਪਣੇ ਪੁੱਤਰ ਦੇ ਜਨਮ ਸਰਟੀਫਿਕੇਟ ਵਿੱਚ ਪਿਤਾ ਦਾ ਨਾਮ ਅਤੇ ਜਨਮ ਸਥਾਨ ਦੀ ਦਰੁਸਤੀ ਲਈ ਨਗਰ ਨਿਗਮ ਲੁਧਿਆਣਾ ਦੇ ਰਜਿਸਟਰਾਰ, ਜਨਮ ਅਤੇ ਮੌਤ ਦੇ ਦਫ਼ਤਰ ਨੂੰ ਦਰਖਾਸਤ ਦਿੱਤੀ ਸੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਨਗਰ ਨਿਗਮ ਦਫ਼ਤਰ ਵਿੱਚ ਤਾਇਨਾਤ ਮੋਹਿਤ ਮਹਾਜਨ ਨਾਮਕ ਕਲਰਕ ਨੇ ਇਹ ਦਰੁਸਤੀ ਕਰਨ ਬਦਲੇ 30000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਲਰਕ ਪਹਿਲਾਂ ਹੀ 9000 ਨਕਦ ਅਤੇ ਗੂਗਲ ਪੇਅ ਰਾਹੀਂ 2500 ਰੁਪਏ ਲੈ ਚੁੱਕਾ ਹੈ ਅਤੇ ਹੁਣ ਬਕਾਇਆ ਰਿਸ਼ਵਤ ਦੀ ਰਕਮ ਮੰਗ ਕਰ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਤੱਥ ਸਹੀ ਪਾਏ ਗਏ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਪਾਸੋਂ 11500 ਰੁਪਏ ਹਾਸਿਲ ਕੀਤੇ ਗਏ ਸਨ। ਇਸ ਅਨੁਸਾਰ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕਰਕੇ ਉਕਤ ਕਲਰਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਨਗਰ ਨਿਗਮ ਦੇ ਸਬੰਧਤ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।