ਲੋਕ ਸਭਾ ਚੋਣਾਂ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀਆਂ ਹੱਦਾਂ ਨੂੰ ਕੀਤਾ ਗਿਆ ਸੀਲ
ਐਸ.ਐਸ.ਪੀ ਵੱਲੋਂ ਇੰਟਰਸਟੇਟ ਨਾਕਿਆਂ ਦੀ ਕੀਤੀ ਚੈਕਿੰਗ ਤੇ ਪੁਲਿਸ ਮੁਲਾਜ਼ਮਾਂ ਨੂੰ ਕੀਤੀਆਂ ਹਦਾਇਤਾਂ ਜਾਰੀ।
ਸ੍ਰੀ ਮੁਕਤਸਰ ਸਾਹਿਬ (ਜਗਜੀਤ ਸਿੰਘ) ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਇਸ ਦੇ ਨਾਲ ਹੀ ਜਿਲੇ ਦੇ ਨਾਲ ਲੱਗਦੇ ਦੂਜੇ ਸੂਬਿਆਂ ਦੀਆਂ ਸਰਹੱਦਾਂ ਨੂੰ ਨਾਕਾਬੰਦੀ ਕਰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਸੀਲ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਤੇ ਨੱਥ ਪਾਈ ਜਾ ਸਕੇ ਅਤੇ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕੇ। ਇਸ ਦੇ ਚਲਦਿਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਵੱਲੋਂ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀਆਂ ਰਾਜਸਥਾਨ ਅਤੇ ਹਰਿਆਣਾ ਦੀਆਂ ਸਰਹੱਦਾ ਤੇ ਲੱਗੇ ਨਾਕਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸ੍ਰੀ ਫਤਿਹ ਸਿੰਘ ਬਰਾੜ ਡੀ.ਐਸ.ਪੀ (ਲੰਬੀ), ਐਸ.ਆਈ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਕਿਲਿਆਂਵਾਲੀ, ਸ਼੍ਰੀ ਵਿਪਿਨ ਯਾਦਵ ਡੀ.ਐਸ.ਪੀ BSF ਹਾਜ਼ਰ ਸਨ।
ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਨਾਲ ਲੱਗਦੀਆਂ ਸਰਹੱਦਾਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਹਰਿਆਣਾ ਸੂਬੇ ਨਾਲ ਲੱਗਦੀਆਂ ਸਰਹੱਦਾਂ ਤੇ 5 ਨਾਕੇ ਲਗਾਏ ਗਏ ਹਨ ਅਤੇ ਰਾਜਸਥਾਨ ਸੂਬੇ ਦੀਆ ਸਰਹੱਦਾਂ ਤੇ 06 ਨਾਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਸੂਬੇ ਨਾਲ ਲੱਗਦੀਆਂ 08 ਹੋਰ ਸਰਹੱਦਾਂ ਤੇ ਰਾਤ ਦਿਨ ਪੁਲਿਸ ਵੱਲੋਂ ਪੈਟਰੋਲਿੰਗ ਪਾਰਟੀ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਤੇ 24 ਘੰਟੇ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਜਿਨ੍ਹਾ ਵੱਲੋਂ ਸਰਹੱਦ ਤੋਂ ਆਉਣ ਜਾਣ ਵਾਲੇ ਸ਼ੱਕੀ ਪੁਰਸ਼ਾ ਅਤੇ ਸ਼ੱਕੀ ਵਹੀਕਲਾਂ ਤੇ ਬਾਜ ਅੱਖ ਰੱਖ ਕੇ ਨਜਾਇਜ਼ ਸ਼ਰਾਬ, ਸਮਗਲਿੰਗ ਅਤੇ ਹਰ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਇੰਨ੍ਹਾਂ ਨਾਕਿਆ ਤੇ ਖਾਸ ਤੌਰ ਤੇ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੈਟਰੋਲਿੰਗ ਪਾਰਟੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜੋ ਆਪਣੇ ਏਰੀਏ ਵਿੱਚ ਪੈਟਰੋਲਿੰਗ ਕਰਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਸੂਬੇ ਦੇ ਨਾਲ ਲੱਗਦੇ ਰਾਜਸਥਾਨ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਜਿਸ ਤੇ ਸਰਹੱਦਾ ਪਰ ਹੋਣ ਵਾਲੀਆਂ ਗਤੀ ਵਿਧੀਆਂ ਨੂੰ ਇਕ ਦੂਸਰੇ ਨਾਲ ਸ਼ੇਅਰ ਕਰ ਕੇ ਧਿਆਨ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅੱਜ ਅਚਨਚੇਤ ਨਾਕਿਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਸਾਡੇ ਹੈਲਪਲਾਈਨ 8054370100 ਅਤੇ ਥਾਣਾ ਕਿੱਲਿਆਂਵਾਲੀ ਦਾ ਮੋਬਾਇਲ ਨੰ. 7888493965 ਤੇ ਸੰਪਰਕ ਕਰ ਸਕਦੇ ਹੋ।



