ਕਲਯੁਗੀ ਮਾਂ ਨੇ ਹੀ ਮਾਰਿਆ ਸੀ ਆਪਣਾ 7 ਸਾਲ ਦਾ ਪੁੱਤ, ਆਪਣੀ ਮਰਜ਼ੀ ਨਾਲ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਸੀ
ਮਾਨਸਾ। ਬੀਤੇ ਦਿਨੀ ਮਾਨਸਾ ਦੇ ਬੱਸ ਅੱਡੇ ਤੇ ਇੱਕ 7 ਸਾਲ ਦੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਤੇ ਇਸ ਖੁਲਾਸੇ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕੀਤਾ ਹੈ। ਪੁਲਿਸ ਵੱਲੋਂ ਕੀਤੇ ਖੁਲਾਸੇ ਚ ਪਤਾ ਲੱਗਿਆ ਹੈ ਕਿ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਮਾਂ ਨੇ ਹੀ ਮਾਰਿਆ ਸੀ ਤੇ ਕਾਰਨ ਸੀ ਉਸ ਵੱਲੋਂ ਆਪਣੇ ਨਜਾਇਜ਼ ਸੰਬੰਧਾਂ ਨੂੰ ਆਪਣੀ ਮਰਜ਼ੀ ਨਾਲ ਬਰਕਰਾਰ ਰੱਖਣਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨਸਾ ਦੇ ਐਸਪੀ ਡੀ ਸ. ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਜਿਸ ਬੱਚੇ ਦੀ ਲਾਸ਼ ਬੀਤੇ ਦਿਨੀ ਬੱਸ ਅੱਡੇ ਤੋਂ ਮਿਲੀ ਸੀ ਉਸ ਦਾ ਨਾਂ ਅਗਮਜੋਤ ਸਿੰਘ ਹੈ। ਉਸ ਨੂੰ ਧਰਤੀ ਹੇਠਾਂ ਦਬਾ ਕੇ ਉਸ ਦੀ ਮਾਤਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ ਨੇ ਮਾਰਿਆ ਸੀ। ਪੁੱਛ ਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸਨੇ ਆਪਣੇ ਬੱਚੇ ਨੂੰ ਧਰਤੀ ਹੇਠਾਂ ਦਬਾ ਕੇ ਮਾਰ ਦਿੱਤਾ ਸੀ। ਤੇ ਉਸ ਨੂੰ ਜਿਹੜੀ ਵੀ ਬੱਸ ਮਿਲੀ ਉਹ ਉਸ ਨੂੰ ਬੱਸ ਵਿੱਚ ਲੈ ਕੇ ਮਾਨਸਾ ਪਹੁੰਚ ਗਈ ਤੇ ਜਿੱਥੇ ਬੱਸ ਅੱਡੇ ਤੇ ਉੱਪਰ ਉਸਦੀ ਲਾਸ਼ ਛੱਡ ਕੇ ਫਰਾਰ ਹੋ ਗਈ। ਪੁਲਿਸ ਅਨੁਸਾਰ ਕਲਯੁਗੀ ਮਾਂ ਦਾ ਪਤੀ ਪਿਛਲੇ ਤਿੰਨ ਸਾਲਾਂ ਤੋਂ ਬਠਿੰਡੇ ਦੀ ਜੇਲ ਚ ਬੰਦ ਹੈ ਤੇ ਉਹ ਆਪਣੀ ਮਰਜ਼ੀ ਨਾਲ ਕਿਸੇ ਹੋਰ ਵਿਅਕਤੀ ਦੇ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਸੀ ਇਸੇ ਲਈ ਉਸ ਨੇ ਆਪਣੇ ਪੁੱਤ ਨੂੰ ਮਾਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੰਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਬਿਲਾਸਪੁਰ ਨੇ ਹੀ ਆਪਣੇ ਭਤੀਜੇ ਆਗਮਨਜੋਤ ਸਿੰਘ ਦੀ ਸ਼ਨਾਖਤ ਕੀਤੀ ਸੀ। ਤੇ ਉਸ ਨੇ ਹੀ ਆਪਣੀ ਭਰਜਾਈ ਦੇ ਦੋਸ਼ ਲਾਏ ਸਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਤਹਿਤ ਇਸ ਮਾਮਲੇ ਦਾ ਖੁਲਾਸਾ ਹੋਇਆ।



