ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ‘ਚ ਸ਼ਾਮਲ

ਸਰਦਾਰ ਤਰਨਜੀਤ ਸਿੰਘ ਸੰਧੂ ਨੇ ਦੇਸ਼ ਤੇ ਸਮਾਜ ਦੀ ਸੇਵਾ ’ਚ ਨਵਾਂ ਅਧਿਆਇ ਸ਼ੁਰੂ ਕਰਨ ਦਾ ਅਵਸਰ ਦੇਣ ਲਈ ਭਾਜਪਾ ਦਾ ਕੀਤਾ ਧੰਨਵਾਦ

ਵਿਕਾਸ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਦੀ ਤਰਾਂ ਅੰਮ੍ਰਿਤਸਰ ਪੰਜਾਬ ਵੀ ਪਹੁੰਚਣੀਆਂ ਚਾਹੀਦੀਆਂ ਹਨ – ਤਰਨਜੀਤ ਸਿੰਘ ਸੰਧੂ

ਅੰਮ੍ਰਿਤਸਰ 20 ਮਾਰਚ (ਜਗਜੀਤ ਸਿੰਘ ਧਾਲੀਵਾਲ) ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਨਵੀਂ ਦਿਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਰਸਮੀ ਤੌਰ ’ਤੇ ਭਾਜਪਾ ਵਿਚ ਸ਼ਾਮਿਲ ਕੀਤਾ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਤਰੁਨ ਚੁੱਘ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ। ਸ਼੍ਰੀ ਵਿਨੋਦ ਤਾਵੜੇ ਨੇ ਸਰਦਾਰ ਸੰਧੂ ਨੂੰ ਭਾਜਪਾ ਵਿਚ ਸ਼ਾਮਿਲ ਕਰਨ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਦਾਰ ਸੰਧੂ ਨੇ ਦੇਸ਼ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਸਰਦਾਰ ਸੰਧੂ ਦੇ ਪਰਿਵਾਰਕ ਪਿਛੋਕੜ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਸੰਧੂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਨਾ ਕੇਵਲ ਗੁਰਦੁਆਰਾ ਸੁਧਾਰ ਲਹਿਰ ਸਗੋਂ ਦੇਸ਼ ਦੀ ਅਜ਼ਾਦੀ ਸੰਘਰਸ਼ ਵਿਚ ਵੀ ਅਹਿਮ ਭੂਮਿਕਾ ਰਹੀ। ਉਨ੍ਹਾਂ ਕਿਹਾ ਕਿ ਸੰਧੂ ਦੇ ਮਾਤਾ ਪਿਤਾ ਦਾ ਵੀ ਸਿੱਖਿਆ ਦੇ ਖੇਤਰ ਵਿਚ ਅਹਿਮ ਦੇਣ ਰਿਹਾ , ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਪ੍ਰਸਿੱਧ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਇਕ ਤਜਰਬੇਕਾਰ ਅਤੇ ਲਿਆਕਤ ਦੇ ਮਾਲਕ ਹਨ, ਅਜਿਹੇ ਵਿਅਕਤੀ ਦੀ ਭਾਜਪਾ ਅਤੇ ਦੇਸ਼ ਨੂੰ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ ਮੁਖੀ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਪੰਜਾਬ ਨੂੰ ਨਵੀਂ ਦਿਸ਼ਾ ਤੇ ਦਸ਼ਾ ’ਚ ਲਿਆਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਵਿਕਾਸ ਯੋਜਨਾਵਾਂ ਨੂੰ ਲੈ ਕੇ ਦੇਸ਼ ਨੂੰ ਗਰੰਟੀ ਦੇਣੀ ਚਾਹੁੰਦੇ ਹਨ, ਸਰਦਾਰ ਸੰਧੂ ਉਨ੍ਹਾਂ ਗਰੰਟੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ।
ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਦੇਸ਼ ਤੇ ਸਮਾਜ ਦੀ ਸੇਵਾ ’ਚ ਨਵਾਂ ਅਧਿਆਇ ਸ਼ੁਰੂ ਕਰਨ ਦਾ ਅਵਸਰ ਦੇਣ ਲਈ ਭਾਜਪਾ ਪ੍ਰਧਾਨ ਜੇ ਪੀ ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਕਾਸ ’ਤੇ ਫੋਕਸ ਕੀਤਾ ਹੋਇਆ ਹੈ। ਉਨ੍ਹਾਂ ਨੇ ਪਿਛਲੇ 10 ਸ਼ਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੰਮ ਕੀਤਾ। ਜਿਸ ਦੌਰਾਨ ਅਮਰੀਕਾ ਅਤੇ ਭਾਰਤ ਦੀ ਸਾਂਝ ਹੁਣ ਭਾਈਵਾਲੀ ’ਚ ਬਦਲ ਚੁੱਕੀ ਹੈ। ਅਮਰੀਕੀ ਕੰਪਨੀਆਂ ਭਾਰਤ ’ਚ ਪੂੰਜੀ ਨਿਵੇਸ਼ ਕਰ ਰਹੀਆਂ ਹਨ। ਇਸ ਨਿਵੇਸ਼ ਦਾ ਲਾਭ ਅੰਮ੍ਰਿਤਸਰ ਪੰਜਾਬ ਨੂੰ ਵੀ ਹੋਣਾ ਚਾਹੀਦਾ ਹੈ। ਗੁਰੂ ਨਗਰੀ ਅੰਮ੍ਰਿਤਸਰ ਮੇਰਾ ਹੋਮ ਟਾਊਨ ਹੈ। ਅੰਮ੍ਰਿਤਸਰ ਦੀ ਸਿੱਖਿਆ, ਵਪਾਰ, ਉਦਯੋਗ, ਮੈਡੀਕਲ-ਹੈਲਥ ਕੇਅਰ, ਟੂਰਿਜ਼ਮ, ਖੇਤੀ ਸੈਕਟਰ ਵਿਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਵਿਕਾਸ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਦੀ ਤਰਾਂ ਅੰਮ੍ਰਿਤਸਰ ਵੀ ਪਹੁੰਚਣੀਆਂ ਚਾਹੀਦੀਆਂ ਹਨ।

ਸਰਦਾਰ ਤਰਨਜੀਤ ਸਿੰਘ ਸੰਧੂ ਬਾਰੇ ਖਾਸ ਜਾਣਕਾਰੀ

23 ਜਨਵਰੀ 1963 ਨੂੰ ਸਿੱਖਿਆ ਸ਼ਾਸਤਰੀ ਮਾਤਾ ਪਿਤਾ ਦੇ ਘਰ ਜਨਮੇ, ਸਰਦਾਰ ਤਰਨਜੀਤ ਸਿੰਘ ਸੰਧੂ ਨੇ ਆਪਣੀ ਸ਼ੁਰੂਆਤੀ ਸਕੂਲੀ ਪੜ੍ਹਾਈ ਸੇਕਰਡ ਹਾਰਟ ਸਕੂਲ ਅਤੇ ਸੇਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਤੋਂ ਅਤੇ ਫਿਰ ਲਾਰੰਸ ਸਕੂਲ, ਸਨਾਵਰ ਵਿੱਚ ਕੀਤੀ। ਉਸ ਨੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਇਤਿਹਾਸ (ਆਨਰਜ਼) ਨਾਲ ਗ੍ਰੈਜੂਏਸ਼ਨ ਕੀਤੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਾਸਟਰ ਦੀ ਡਿੱਗਰੀ ਹਾਸਲ ਕੀਤੀ। ਸਰਦਾਰ ਸੰਧੂ ਦਾ ਵਿਆਹ ਸ਼੍ਰੀਮਤੀ ਰੀਨਤ ਸੰਧੂ ਨਾਲ ਹੋਇਆ, ਜੋ ਭਾਰਤੀ ਵਿਦੇਸ਼ ਸੇਵਾ ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਸ਼ੇਵਾ ਨਿਭਾ ਰਹੇ ਹਨ। ਰਾਜਦੂਤ ਤਰਨਜੀਤ ਸਿੰਘ ਸੰਧੂ 1988 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ।
ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਵਜੋਂ ਸਰਦਾਰ ਸੰਧੂ ਦਾ ਸਫ਼ਰ ਬਹੁਤ ਚੁਨੌਤੀਆਂ ਭਰਿਆ ਪਰ ਸ਼ਾਨਦਾਰ ਰਿਹਾ। ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਬਣ ਕੇ ਵਾਸ਼ਿੰਗਟਨ ਦੇ ਨਾਲ ਨਵੀਂ ਦਿੱਲੀ ਦੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਹੋਣਹਾਰ ਪੋਤਾ ਅਤੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਮਿੱਠ ਬੋਲੜੇ ਤਰਨਜੀਤ ਸਿੰਘ ਸੰਧੂ ਦੇ ਕਿਰਦਾਰ ’ਚ ਇਮਾਨਦਾਰੀ, ਹਲੀਮੀ ਦੇਸ਼ ਕੌਮ ਪ੍ਰਤੀ ਲਗਨ ਸਪਸ਼ਟ ਨਜ਼ਰ ਆਉਂਦੇ ਹਨ। ਇਕ ਰਾਜਦੂਤ ਵਜੋਂ ਉ ਦੀ ਵਚਨਬੱਧਤਾ ਅਮਰੀਕਾ ਅਤੇ ਭਾਰਤ ਦੀ ਸਾਂਝ ਨੂੰ ਮਜ਼ਬੂਤ ਕਰਦਿਆਂ ਭਾਈਵਾਲੀ ਵਿਚ ਤਬਦੀਲ ਕਰਨ ਵਿਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ। ਉਸ ਨੇ ਦੋਹਾਂ ਦੇਸ਼ਾਂ ਵਿਚਕਾਰ ਕਾਰੋਬਾਰ, ਗਿਆਨ ਅਤੇ ਸਿੱਖਿਆ ਦੀ ਭਾਈਵਾਲੀ ਨੂੰ ਮਜ਼ਬੂਤੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ’ਚ ਅਮਰੀਕਾ ਫੇਰੀ ਦੇ ਦੌਰਾਨ ਨਿਊਯਾਰਕ ਵਿਖੇ ਡਾਇਸਪੋਰਾ ਸਿੱਖ ਭਾਈਚਾਰੇ ਦੀ ਡੈਲੀਗੇਸ਼ਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਕਰਾਉਂਦਿਆਂ ਸਿੱਖਾਂ ਦੀ ਕਾਲੂ ਸੂਚੀ ਨੂੰ ਹਟਵਾਉਣ ਦਾ ਸਿਹਰਾ ਤਰਨਜੀਤ ਸਿੰਘ ਸੰਧੂ ਸਿਰ ਜਾਂਦਾ ਹੈ। ਇਕ ਵਾਰ ਫਿਰ 2016 ’ਚ ਪ੍ਰਧਾਨ ਮੰਤਰੀ ਮੋਦੀ ਦਾ ਕੈਲੇਫੋਰਨੀਆ ਦੌਰਾ ਕਰਾਇਆ ਗਿਆ। ਇਸੇ ਤਰਾਂ ਅਕਤੂਬਰ 2016 ’ਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਡੀ ਸੀ ਵਿਖੇ ਯੂ ਐਸ ਕਾਂਗਰਸ ਨੂੰ ਸੰਬੋਧਨ ਕਰਨਾ ਇਕ ਅੰਬੈਸਡਰ ਵਜੋਂ ਸਰਦਾਰ ਸੰਧੂ ਦੀ ਇਕ ਵੱਡੀ ਪ੍ਰਾਪਤੀ ਸੀ। ਜਿਸ ਦੀ ਬਦੌਲਤ ਭਾਰਤ ਦੀ ਸਥਿਤੀ ਨੂੰ ਵਿਸ਼ਵ ਪੱਧਰ ’ਤੇ ਬਹੁਤ ਮਜ਼ਬੂਤੀ ਮਿਲੀ। ਸੇਵਾ ਮੁਕਤੀ ਤੋਂ ਪਹਿਲਾਂ ਇਹ ਇਕ ਅਧਿਕਾਰੀ ਵਜੋਂ ਸਰਦਾਰ ਸੰਧੂ ਦੀ ਅਮਰੀਕਾ ਵਿਚ ਇਹ ਤੀਜੀ ਪਾਰੀ ਸੀ। ਇਸ ਤੋਂ ਪਹਿਲਾਂ ਉਹ 2013 ਤੋਂ 2017 ਲਈ ਵਾਸ਼ਿੰਗਟਨ ਡੀ ਸੀ ਵਿੱਚ ਭਾਰਤੀ ਮਿਸ਼ਨ ਦੇ ਡਿਪਟੀ ਚੀਫ਼ ਅਤੇ ਇਸ ਤੋਂ ਪਹਿਲਾਂ 1997-2000 ’ਚ ਫ਼ਸਟ ਸੈਕਟਰੀ ( ਰਾਜਨੀਤਿਕ) ਵਜੋਂ ਸੰਯੁਕਤ ਰਾਜ ਕਾਂਗਰਸ ਨਾਲ ਤਾਲਮੇਲ ਲਈ ਵਾਸ਼ਿੰਗਟਨ ਡੀ ਸੀ ਦੀ ਭਾਰਤੀ ਅੰਬੈਸੀ ’ਚ ਦੋ ਵਾਰ ਸੇਵਾ ਕਰ ਚੁੱਕੇ ਸਨ। ਬਹੁ-ਪੱਖੀ ਕੂਟਨੀਤੀ ਦੇ ਖੇਤਰ ਵਿੱਚ, ਰਾਜਦੂਤ ਸੰਧੂ ਨੇ ਸੰਯੁਕਤ ਸਕੱਤਰ ਵਜੋਂ 2009 ਨੂੰ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਰਾਸ਼ਟਰ ਡਿਵੀਜ਼ਨ ਦੀ ਅਗਵਾਈ ਕੀਤੀ ਅਤੇ 2005 ਤੋਂ 2009 ਲਈ ਸੰਯੁਕਤ ਰਾਸ਼ਟਰ, ਨਿਊਯਾਰਕ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਸੇਵਾ ਨਿਭਾਈ।
ਰਾਜਦੂਤ ਸੰਧੂ 2017 ਤੋਂ 2020 ’ਚ ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਬਣ ਕੇ ਭਾਰਤ ਸ਼੍ਰੀ ਲੰਕਾ ਦੇ ਸੰਬੰਧਾਂ ਨੂੰ ਸੁਖਾਲਾ ਕੀਤਾ ਅਤੇ ਇਸ ਤੋਂ ਪਹਿਲਾਂ ਸਿਆਸੀ ਵਿੰਗ ਦੇ ਮੁਖੀ ਵਜੋਂ 2000-2004 ਨੂੰ ਕੋਲੰਬੋ ਦੇ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਕੰਮ ਕੀਤਾ।
ਉਸ ਦੇ ਹੋਰ ਕੂਟਨੀਤਕ ਕਾਰਜਾਂ ਵਿੱਚ ਸਤੰਬਰ 2011 ਤੋਂ ਜੁਲਾਈ 2013 ਦਾ ਫਰੈਂਕਫਰਟ ਵਿੱਚ ਭਾਰਤ ਦੇ ਕੌਂਸਲ ਜਨਰਲ, ਮਾਸਕੋ ਵਿੱਚ 1990-1992 ਲਈ ਭਾਰਤੀ ਮਿਸ਼ਨ ਵਿੱਚ ਤੀਜੇ ਸਕੱਤਰ/ਦੂਜੇ ਸਕੱਤਰ ਅਤੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਯੁਕਰੇਨ ਦੇ ਕੀਵ ਵਿੱਚ ਭਾਰਤ ਦਾ ਨਵਾਂ ਦੂਤਾਵਾਸ ਖੋਲ੍ਹਣਾ ਵੀ ਸ਼ਾਮਲ ਹੈ, ਜਿੱਥੇ ਉਸ ਨੇ 1992 ਤੋਂ 1994 ਤਕ ਰਾਜਨੀਤਿਕ ਅਤੇ ਪ੍ਰਸ਼ਾਸਨ ਵਿੰਗ ਦੇ ਮੁਖੀ ਵਜੋਂ ਸੇਵਾ ਕੀਤੀ। ਸ. ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਦੇ ਵਿਚ ਆਪਣੀ ਸੇਵਾਕਾਲ ਦੇ ਨਵੰਬਰ, 2023 ਦੌਰਾਨ ਅਮਰੀਕਾ ਦੇ ਸੀਆਟਲ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਮਾਣ ਹਾਸਲ ਕੀਤਾ ਹੈ।

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨਵੀਂ ਦਿੱਲੀ ’ਚ ਰਾਜਦੂਤ ਸੰਧੂ ਸੰਯੁਕਤ ਸਕੱਤਰ (ਪ੍ਰਸ਼ਾਸਨ) ਵਜੋਂ ਮਨੁੱਖੀ ਸੰਸਾਧਨ ਵਿਭਾਗ ਦੀ 2009-2011 ਤਕ ਅਗਵਾਈ ਕੀਤੀ। 1995-1997 ਨੂੰ ਉਨ੍ਹਾਂ ਅਧਿਕਾਰੀ ਆਨ ਸਪੈਸ਼ਲ ਡਿਊਟੀ (ਪ੍ਰੈੱਸ ਰਿਲੇਸ਼ਨ) ਵਜੋਂ ਭਾਰਤ ਵਿੱਚ ਵਿਦੇਸ਼ੀ ਮੀਡੀਆ ਨਾਲ ਤਾਲਮੇਲ ਲਈ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਮਾਣ ਯੋਗ ਹਨ।

ਸਰਦਾਰ ਸੰਧੂ ਅੰਮ੍ਰਿਤਸਰ ਵਿਚ—
ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਦੇਸ਼ ਲਈ ਵਿਲੱਖਣ ਕੂਟਨੀਤਕ ਲਿਆਕਤ ਦਾ ਲੋਹਾ ਮਨਵਾ ਕੇ ਉੱਚਾ ਮੁਕਾਮ ਹਾਸਲ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਏ ਸਰਦਾਰ ਤਰਨਜੀਤ ਸਿੰਘ ਸੰਧੂ ਵੱਲੋਂ ਅੱਜ ਕਲ ਆਪਣੇ ਜਨਮ ਭੌਂਈਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗਰੀਨ ਐਵਿਨਿਊ ’ਚ ਸਥਿਤ ਪਰਿਵਾਰਕ ਨਿੱਜੀ ਗ੍ਰਹਿ ਸਮੁੰਦਰੀ ਹਾਊਸ ਤੋਂ ਸ਼ਹਿਰ ਦੇ ਤਰੱਕੀ ਤੇ ਖ਼ੁਸ਼ਹਾਲੀ ਲਈ ਦਿਨ ਰਾਤ ਇਕ ਕਰ ਰਹੇ ਹਨ। ਉਹ ਮਿੱਟੀ ਨਾਲ ਜੁੜੇ ਹੁਨਰਮੰਦ ਲੋਕਾਂ ਦੇ ਉਥਾਨ ਨੂੰ ਸਮਰਪਿਤ ਹਨ। ਆਪਣੇ ਲਈ ਲੋਕ ਸੇਵਾ ਦਾ ਇਕ ਨਵਾਂ ਬਿਰਤਾਂਤ ਸਿਰਜ ਰਿਹਾ ਹੋਣਾ ਆਪਣੀ ਮਿੱਟੀ ਨਾਲ ਮੋਹ ਦਾ ਲਖਾਇਕ ਹੈ।
ਉਨ੍ਹਾਂ ਨੇ ਬੀਤੇ ਕੁਝ ਦਿਨ ਨਵੀਂ ਦਿਲੀ ਵਿਖੇ ਵੱਖ ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਦਿਆਂ ਅੰਮ੍ਰਿਤਸਰ ਦੇ ਵਿਕਾਸ, ਇਤਿਹਾਸਕ ਧਰੋਹਰਾਂ ਦੀ ਸੰਭਾਲ, ਅਮਰੀਕਨ ਕੌਂਸਲੇਟ ਖੁਲ੍ਹਵਾਉਣ, ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਨੈਕਟੀਵਿਟੀ ’ਚ ਵਾਧਾ, ਏਅਰ ਕਾਰਗੋ, ਹਜ਼ੂਰ ਸਾਹਿਬ ਨੂੰ ਫਲਾਈਟ ਚਲਾਉਣ, ਆਈ ਟੀ ਆਈ , ਤੇ ਹੋਰ ਕਈ ਵਿਸ਼ਿਆਂ ਬਾਰੇ ਚਰਚਾ ਕੀਤੀ, ਜਿਸ ਨੂੰ ਕੇਂਦਰ ਤੋਂ ਹਾਂ ਪੱਖੀ ਹੁੰਗਾਰਾ ਮਿਲਿਆ।
ਉਹ ਹੋਰਨਾਂ ਦੀ ਤਰਾਂ ਸੇਵਾ ਮੁਕਤੀ ਉਪਰੰਤ ਆਰਾਮਦਾਇਕ ਜ਼ਿੰਦਗੀ ਬਿਤਾਉਣ ਦੀ ਥਾਂ ਅੰਮ੍ਰਿਤਸਰ ਦੇ ਨੇੜੇ ਖਾਨਕੋਟ ਦੀ ਆਪਣੇ ਪਰਿਵਾਰਕ ਜ਼ਮੀਨ ’ਤੇ ਆਬਾਦ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨਾਲ ਖੇਤੀ ਆਮਦਨ ਵਧਾਉਣ ਲਈ ਖੇਤੀਬਾੜੀ ’ਚ ਨਵੀਨਤਾ ਲਿਆਉਣ ਅਤੇ ਅਗਾਂਹਵਧੂ ਸੋਚ ਵਾਲੇ ਡੇਅਰੀ ਫਾਰਮਰਾਂ ਨਾਲ ਡੇਅਰੀ ਫਾਰਮਿੰਗ ਵਿੱਚ ਨਵੀਨਤਾ ਅਤੇ ਕੁਸ਼ਲਤਾ ਵੱਲ ਇੱਕ ਸ਼ਾਨਦਾਰ ਕਦਮ ਦੀ ਲੋਚਾ ਕਰਦਿਆਂ ਅਮਰੀਕੀ ਡੇਅਰੀ ਫਾਰਮਾਂ ਦੇ ਸੰਚਾਲਨ ਬਾਰੇ ਉਹਨਾਂ ਨਾਲ ਆਪਣੀ ਜਾਣਕਾਰੀ ਸਾਂਝੀ ਕਰ ਰਿਹਾ ਹੈ। ਉਹ ਪ੍ਰਮੁੱਖ ਕਾਰੋਬਾਰੀਆਂ ਅਤੇ ਹੁਨਰਮੰਦਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਪਹੁੰਚ ਦੁਆਰਾ ਹੱਲ ਕਰਾਉਣ ’ਚ ਹੀ ਦਿਲਚਸਪੀ ਦਿਖਾ ਰਿਹਾ ਹੈ। ਉਹ ਇਕ ਪਾਸੇ ਕਾਰੋਬਾਰੀਆਂ ਅਤੇ ਉਦਯੋਗਾਂ ਨੂੰ ਅਤਿ-ਆਧੁਨਿਕ ਗਲੋਬਲ ਤਕਨਾਲੋਜੀਆਂ ਨੂੰ ਅਪਣਾ ਕੇ ਉਨ੍ਹਾਂ ਦੇ ਕਾਰੋਬਾਰ ਵਿੱਚ ਮਹੱਤਵਪੂਰਨ ਵਾਧੇ ਦੀ ਸੰਭਾਵਨਾ ਨੂੰ ਉਜਾਗਰ ਕਰਦਾ ਹੈ ਤਾਂ ਦੂਜੇ ਪਾਸੇ ਨਾਰੀ ਸ਼ਕਤੀ ਦੇ ਉਥਾਨ ਨੂੰ ਮੁੱਖ ਰਖਕੇ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ ਦਿੰਦਿਆਂ ਔਰਤਾਂ ਦੀ ਸਿੱਖਿਆ, ਸਿਹਤ ਸੰਭਾਲ, ਹੁਨਰ, ਆਮਦਨੀ ਦੇ ਵਸੀਲੇ ਪੈਦਾ ਕਰਨ ਅਤੇ ਵਧਾਉਣ ਦੀਆਂ ਰਣਨੀਤੀ ‘ਤੇ ਉਨ੍ਹਾਂ ਨਾਲ ਚਰਚਾ ਕਰਦਾ ਹੈ। ਗਲ ਕੀ ਉਹ ਅਜਿਹਾ ਕਰਕੇ ਪੰਜਾਬ ਦੀ ਮਿੱਟੀ ਦਾ ਸੱਚਾ ਸਪੂਤ ਹੋਣ ਦਮ ਦਿਖਾ ਰਿਹਾ ਹੈ।
ਸਰਦਾਰ ਤੇਜਾ ਸਿੰਘ ਸਮੁੰਦਰੀ —
ਸ੍ਰੀਲੰਕਾ ਅਤੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਅਤੇ ਅਮਰੀਕਾ ’ਚ ਰਾਜਦੂਤ ਵਰਗੇ ਅਹਿਮ ਰੁਤਬਿਆਂ ਨੂੰ ਹੰਢਾ ਚੁੱਕੇ ਹੋਣ ਦੇ ਬਾਵਜੂਦ ਆਪਣੀ ਮਿੱਟੀ ਦੀ ਖ਼ੁਸ਼ਬੂ ਨੂੰ ਪਹਿਚਾਨਣ ਵਾਲੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਦੇਸ਼ ਕੌਮ ਸਮਾਜ ਤੇ ਆਪਣਿਆਂ ਦੀ ਸ਼ੇਵਾ ਕਰਨ ਦੀ ਇਹ ਗੁੜ੍ਹਤੀ ਪਰਿਵਾਰਕ ਵਿਰਾਸਤ ਤੋਂ ਮਿਲੀ ਹੈ। ਜਿਨ੍ਹਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੇ ਨਾਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਫ਼ਤਰੀ ਇਮਾਰਤ ਪੂਰੀ ਉੱਚੀ ਅਤੇ ਸੁੱਚੀ ਸ਼ਾਨ ਨਾਲ ਖੜੀ ਹੋਣ ਕਾਰਨ ਸਿੱਖ ਹਲਕਿਆਂ ’ਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਜੋ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਹੀ ਨਹੀਂ 44 ਸ਼ਾਲ ਦੀ ਉਮਰੇ 17 ਜੁਲਾਈ 1926 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਅਕਾਲ ਚਲਾਣਾ ਕਰਦਿਆਂ ਆਪਣੀ ਜ਼ਿੰਦਗੀ ਵੀ ਕੌਮ ’ਤੇ ਨਿਛਾਵਰ ਕਰ ਗਏ ਸਨ। ਉਸ ਵਕਤ ਲਾਹੌਰ ਅਤੇ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਮਾਤਮੀ ਜਲੂਸ ਵਿਚ ਸ਼ਾਮਿਲ ਹੋਏ ਲੱਖਾਂ ਲੋਕਾਂ ਵਿਚ ਕੋਈ ਵੀ ਅਜਿਹਾ ਨਹੀਂ ਸੀ ਜਿਸ ਦੀ ਅੱਖ ਨਮ ਨਾ ਹੋਈ ਹੋਵੇ। ਗੁਰਦੁਆਰਾ ਸੁਧਾਰ ਅਤੇ ਅਕਾਲੀ ਲਹਿਰ ਦੇ ਅਣਥੱਕ ਤੇ ਨਿਡਰ ਜਰਨੈਲ ਸਰਦਾਰ ਤੇਜਾ ਸਿੰਘ ਸਮੁੰਦਰੀ ਜ਼ਲੀਲਕੁਨ ਬ੍ਰਿਟਿਸ਼ ਸਰਕਾਰ ਦੀਆਂ ਸ਼ਰਤਾਂ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਣ ਵਾਲੇ ਸੱਚੇ ਸੁੱਚੇ ਬੇਬਾਕ ਅਕਾਲੀ ਆਗੂ ਅਤੇ ਕੁਰਬਾਨੀ ਦੇ ਪੁਤਲੇ ਸਨ। ਧਰਮ, ਪੰਥ, ਦੇਸ਼ ਅਤੇ ਕੌਮ ਦੇ ਜਿਸ ਸੁਚੱਜੇ ਕਾਰਜ ਵਿਚ ਲਗ ਜਾਂਦੇ ਸਨ ਉਸ ਲਈ ਤਨ ਮਨ ਧਨ ਨਾਲ ਸ਼ੇਵਾ ’ਚ ਜੁਟ ਜਾਂਦੇ ਸਨ। ਆਪ ਦੇ ਕੋਮਲ ਹਿਰਦੇ ’ਚ ਇਹ ਲਗਨ ਸੀ ਕਿ ਸਿੱਖ ਧਰਮ ਅਤੇ ਸਮਾਜ ਵਿਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਸਿੱਖਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇ। ਸਮੁੰਦਰੀ ਸਾਹਿਬ ਬੜੀ ਬਰੀਕ ਅਤੇ ਪਾਰਖੂ ਦ੍ਰਿਸ਼ਟੀ ਦੇ ਮਾਲਕ ਸਨ। ਜਿਸ ਗੁਰੂ ਕੇ ਬਾਗ਼ ਅਤੇ ਜੈਤੋ ਦੇ ਮੋਰਚਿਆਂ ਵਿਚ ਸਿੱਖਾਂ ਨੇ ਸ਼ਾਂਤਮਈ ਰਹਿ ਕੇ ਵਿਲੱਖਣ ਮਿਸਾਲਾਂ ਪੇਸ਼ ਕਰਦਿਆਂ ਸੰਸਾਰ ਨੂੰ ਹੈਰਾਨੀ ’ਚ ਪਾ ਦਿੱਤਾ ਸੀ, ਉਸ ਦੇ ਮੁੱਖ ਨਾਇਕ ਅਤੇ ਸੰਚਾਲਕ ਸਰਦਾਰ ਤੇਜਾ ਸਿੰਘ ਹੀ ਸਨ। ਗੁਰੂ ਕੇ ਬਾਗ਼ ਮੋਰਚੇ ਦੇ ਕੈਦੀਆਂ ਦੇ ਜੁਰਮਾਨੇ ਤਾਰਨਾ ਹੋਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਫ਼ੰਡ ਇਕੱਠਾ ਕਰਨਾ ਹੋਵੇ ਜਾਂ ਅਕਾਲੀ ਅਖ਼ਬਾਰ ਨੂੰ ਜੀਵਤ ਰੱਖਣ ਲਈ ਚਾਲੀ ਹਜ਼ਾਰ ਦੀ ਜ਼ਮਾਨਤ ਜੋ ਉੱਨੀ ਦਿਨੀਂ ਇਕ ਬਹੁਤ ਵੱਡੀ ਰਕਮ ਸੀ, ਲਈ ਆਪਣੇ ਇਕ ਮੁਰੱਬੇ ਜ਼ਮੀਨ ਦਾ ਨੰਬਰ ਦੇ ਕੇ ਉਨ੍ਹਾਂ ਪੂਰੀ ਕੀਤੀ। ਉਨ੍ਹਾਂ ਦਾ ਨਿੱਜੀ ਆਚਰਨ ਕੰਚਨ ਵਰਗਾ ਸੀ ਤਾਂ ਉਨ੍ਹਾਂ ਦੇ ਜੀਵਨ ਨੇ ਭਾਰਤ ਅਤੇ ਪੰਜਾਬ ਦੇ ਵਿਚਾਰ ਨੂੰ ਵਿਲੱਖਣ ਬਣਾਇਆ। ਤੇਜਾ ਸਿੰਘ ਸਮੁੰਦਰੀ ਵਰਗੇ ਸੱਚੇ ਸੂਰਬੀਰ ਅਤੇ ਸ਼ਹੀਦ ਸਿੱਖ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਤੋਂ ਨੌਜਵਾਨ ਪੀੜੀ ਸਦਾ ਪ੍ਰੇਰਣਾ ਲੈ ਦੀ ਰਹੇਗੀ। ਇਥੇ ਹੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੁੱਤਰ ਅਤੇ ਸਰਦਾਰ ਤਰਨਜੀਤ ਸਿੰਘ ਦੇ ਪਿਤਾ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਵੀ ਕੋਈ ਘਟ ਲਿਆਕਤ ਵਾਲੇ ਨਹੀਂ ਸਨ। ਹੋਣਹਾਰ ਹੋਣ ਕਰਕੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੂੰ 1957 ਵਿੱਚ ਵਿਦੇਸ਼ ਵਿੱਚ ਪੜ੍ਹਨ ਲਈ ਸਕਾਲਰਸ਼ਿਪ ਮਿਲੀ, ਅਤੇ ਉਨ੍ਹਾਂ ਅਮਰੀਕਾ (ਯੂਐਸ) ਵਿੱਚ ਓਹੀਓ ਸਟੇਟ ਯੂਨੀਵਰਸਿਟੀ ਤੋਂ ਮਾਸਟਰ ਡਿੱਗਰੀ ਪ੍ਰਾਪਤ ਕਰਨ ਤੋਂ ਬਾਅਦ ਪ੍ਰਸਿੱਧ ਸਿੱਖਿਆ ਸ਼ਾਸਤਰੀ ਬਣ ਕੇ ਵਾਪਸ ਦੇਸ਼ ਪਰਤ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਨੀ ਵਾਈਸ ਚਾਂਸਲਰ ਵੀ ਰਹੇ ਹਨ। ਸੰਧੂ ਦੀ ਮਾਤਾ ਜਗਜੀਤ ਕੌਰ ਸੰਧੂ ਨੇ 1956-58 ਵਿੱਚ ਅਮਰੀਕਾ ਤੋਂ ਡਾਕਟਰੇਟ ਕੀਤੀ ਅਤੇ ਅੰਮ੍ਰਿਤਸਰ ਵਿੱਚ ਸਰਕਾਰੀ ਕਾਲਜ ਫ਼ਾਰ ਵੁਮੈਨ ਵਿਖੇ ਸ਼ੇਵਾ ਕਰਦਿਆਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।
ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਬਣ ਕੇ ਵਾਸ਼ਿੰਗਟਨ ਦੇ ਨਾਲ ਨਵੀਂ ਦਿੱਲੀ ਦੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਤਰਨਜੀਤ ਸਿੰਘ ਸੰਧੂ ਵਿਚ ਹਲੀਮੀ, ਸਮਾਜ, ਦੇਸ਼ ਤੇ ਕੌਮ ਦੀ ਸ਼ੇਵਾ ਅਤੇ ਵੱਖ-ਵੱਖ ਕੂਟਨੀਤਕ ਪਹਿਲਕਦਮੀਆਂ ਦੇ ਪਰਿਵਾਰਕ ਵਿਰਾਸਤ ਗੁਣਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਨਜ਼ਰ ਆ ਰਹੇ ਹਨ। 36 ਸਾਲਾਂ ਦੇ ਵਿਲੱਖਣ ਕੂਟਨੀਤਕ ਕੈਰੀਅਰ ਨਾਲ ਉਹ ਅਮਰੀਕਾ ਦੇ ਮਾਮਲਿਆਂ ਬਾਰੇ ਸਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟ ਵਿੱਚੋਂ ਇੱਕ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਗਿਆਨ ਅਤੇ ਸਿੱਖਿਆ ਦੀ ਭਾਈਵਾਲੀ ਨੂੰ ਡੂੰਘਾ ਕਰਨ ਦੀ ਵਚਨਬੱਧਤਾ ਬਣਾਈ ਰੱਖੀ।
ਤਰਨਜੀਤ ਸਿੰਘ ਸੰਧੂ ਦਾ ਇਸ ਵਕਤ ਸਾਰਾ ਧਿਆਨ ਗੁਰੂ ਨਗਰੀ ਅੰਮ੍ਰਿਤਸਰ ਦੀ ਆਰਥਿਕਤਾ, ਉਦਯੋਗ, ਟੈਕਸਟਾਈਲ, ਹੁਨਰ ਵਿਕਾਸ, ਸੈਰ-ਸਪਾਟਾ, ਸਿਹਤ ਸੰਭਾਲ, ਉਦਯੋਗਾਂ, ਸਭਿਆਚਾਰਕ ਅਤੇ ਹੋਸਪਿਟੈਲਿਟੀ ਸੈਕਟਰ ਲਈ ਸ਼ਾਨਦਾਰ ਭਵਿੱਖ ਤਰਾਸ਼ ਰਿਹਾ ਹੈ। ਲਗਾ ਹੋਇਆ ਹੈ। ਉਹ ਖੇਤੀ ਉਤਪਾਦਾਂ ਨੂੰ ਵਿਦੇਸ਼ਾਂ ਖ਼ਾਸਕਰ ਅਮਰੀਕਾ ਵਿਚ ਵਿੱਕਰੀ ਲਈ ਭੇਜ ਕੇ ਕਿਸਾਨੀ ਨੂੰ ਆਰਥਿਕ ਲਾਭ ਦੇਣ ਪ੍ਰਤੀ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਬਚੀਆਂ ’ਚ ਸਿੱਖਿਆ, ਢੁਕਵੇਂ , ਹੁਨਰ ਵਿਕਾਸ, ਹੈਲਥ ਕੇਅਰ , ਆਈ.ਟੀ., ਡਿਜੀਟਲ, ਸਟਾਰਟ ਅੱਪਸ, ਨਵੀਂ ਉੱਭਰਦੀਆਂ ਤਕਨੀਕਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਅਤੇ ਉੱਭਰ ਰਹੇ ਅੰਤਰਰਾਸ਼ਟਰੀ ਆਰਥਿਕ ਕ੍ਰਮ ਵਿੱਚ ਸਾਈਬਰ ਸੁਰੱਖਿਆ ਵਿੱਚ ਉਪਲਬਧ ਮੌਕਿਆਂ ਲਈ. ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਸਰਦਾਰ ਸੰਧੂ ਦੇ ਉੱਦਮ ਸਦਕਾ ਅਮਰੀਕਾ ਦੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਵੱਲੋਂ 100 ਵਜ਼ੀਫ਼ੇ ਅਤੇ ਹੈਲਥ ਕੇਅਰ ਸਿਸਟਮ ਦੇ CEO ਅਤੇ ਸਿੱਖ ਆਫ਼ ਅਮਰੀਕਾ ਇੰਕ ਦੇ ਚੇਅਰਮੈਨ ਨੇ ਅੰਮ੍ਰਿਤਸਰ ਦੇ ਨੌਜਵਾਨਾਂ ਲਈ 100 ਅਤੇ 50 ਔਰਤਾਂ ਲਈ ਵਜ਼ੀਫ਼ੇ ਸਮੇਤ, 100 ਇੰਟਰਨਸ਼ਿਪਾਂ, ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਨੌਕਰੀ ਦੇ ਮੌਕਿਆਂ ਦੇ ਨਾਲ ਸਿਖਲਾਈ, ਅਤੇ ਦੋ ਸਥਾਨਕ ਸੜਕਾਂ ਦੇ ਰੱਖ-ਰਖਾਅ ਨੂੰ ਅਪਣਾਉਣ ਵਰਗੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।

CATEGORIES
Share This

COMMENTS

Wordpress (0)
Disqus (0 )
Translate