ਸਿਹਤ ਵਿਭਾਗ ਵੱਲੋਂ ਵਿਸ਼ਵ ਏਡਜ਼ ਦਿਵਸ ਸਬੰਧੀ ਆਦੇਸ਼ ਨਰਸਿੰਗ ਕਾਲਜ ਵਿਖੇ ਕੀਤਾ ਗਿਆ ਜਿਲ੍ਹਾ ਪੱਧਰੀ ਸਮਾਗਮ
ਨਸ਼ਿਆਂ ਦੇ ਟੀਕੇ ਲਗਾਉਣ ਕਾਰਨ ਜਿਲ੍ਹੇ ਵਿਚ ਵੱਧ ਰਹੀ ਹੈ ਏਡਜ਼ ਦੇ ਮਰੀਜਾਂ ਦੀ ਗਿਣਤੀ:ਡਾ. ਰੰਜੂ ਸਿੰਗਲਾ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ 1 ਦਸੰਬਰ
ਵਿਸ਼ਵ ਏਡਜ਼ ਦਿਵਸ ਮੌਕੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਆਦੇਸ਼ ਨਰਸਿੰਗ ਕਾਲਜ ਵਿਖੇ ਜਿਲ੍ਹਾ ਪੱਧਰੀ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ।
ਇਸ ਮੌਕੇ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੁੰ ਏਡਜ਼ ਬਿਮਾਰੀ ਪ੍ਰਤੀ ਅਤੇ ਬਚਾਅ ਸਬੰਧੀ ਜਾਗਰੂਕ ਕਰਨਾ ਹੈ।
ਉਹਨਾਂ ਦੱਸਿਆ ਕਿ ਏਡਜ਼ ਦੀ ਬੀਮਾਰੀ ਐਚ.ਆਈ.ਵੀ ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕੰਮਜੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਇਲਾਜ ਦੋਰਾਨ ਫਰਕ ਨਾ ਪੈ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਐਚ.ਆਈ.ਵੀ./ਏਡਜ਼ ਹੋ ਸਕਦਾ ਹੈ ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਐਚ.ਆਈ.ਵੀ. ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਐਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ।ਉਨ੍ਹਾ ਕਿਹਾ ਕਿ ਨਸ਼ਾ ਵਰਤਣ ਵਾਲੇ ਲੋਕ ਨਸ਼ੇ ਦੇ ਟੀਕੇ ਇੱਕੋ ਹੀ ਸਰਿੰਜ/ਸੂਈ ਨਾਲ ਲਗਾਉਂਦੇ ਹਨ , ਜਿਸ ਨਾਲ ਏਡਜ਼ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੈ ਜਿਸ ਕਾਰਨ ਜਿਲ੍ਹੇ ਵਿਚ ਪਿਛਲ਼ੇ ਅੱਠ ਮਹੀਨਿਆਂ ਦੋਰਾਨ ਲਗਭਗ 200 ਐਚ.ਆਈ.ਵੀ. ਪਾਜ਼ੀਟਿਵ ਦੇ ਨਵੇਂ ਮਰੀਜ ਰਿਪੋਰਟ ਹੋਏ ਹਨ ਜੋ ਕਿ ਪਿਛਲੇ ਸਾਲਾਂ ਵਿਚ ਲਗਭਗ 50 ਮਰੀਜ ਪ੍ਰਤੀ ਸਾਲ ਹੀ ਨਵੇਂ ਰਿਪੋਰਟ ਹੁੰਦੇ ਸਨ। ਇਸ ਸਾਲ ਰਿਪੋਰਟ ਹੋਏ ਐਚ.ਆਈ.ਵੀ. ਦੇ ਨਵੇਂ ਮਰੀਜਾਂ ਵਿਚੋਂ ਜਿਆਦਾਤਰ ਮਰੀਜ ਨਸ਼ੇ ਦੇ ਟੀਕੇ ਲਗਾਉਣ ਵਾਲੇ ਰਿਪੋਰਟ ਹੋਏ ਹਨ ।ਉਹਨਾਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਜਾ ਕੇ ਨਸ਼ਾ ਛੱਡ ਸਕਦੇ ਹਨ, ਸਿਹਤ ਵਿਭਾਗ ਵੱਲੋਂ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਓਟ ਸੈਂਟਰਾਂ ਤੋਂ ਡਾਕਟਰ ਦੀ ਸਲਾਹ ਨਾਲ ਮੁਫ਼ਤ ਦਵਾਈਆਂ ਪ੍ਰਾਪਤ ਕਰਕੇ ਘਰ ਬੈਠੇ ਨਸ਼ਾ ਛੱਡ ਸਕਦੇ ਹਨ।
ਇਸ ਮੌਕੇ ਡਾ ਗੁਰਮੀਤ ਕੌਰ ਭੰਡਾਰੀ ਜਿਲ੍ਹਾ ਏਡਜ਼ ਕੰਟਰੋਲ ਅਫਸਰ ਨੇ ਏਡਜ਼ ਦੀ ਬੀਮਾਰੀ ਦੇ ਫੈਲਣ ਦੇ ਕਾਰਣ, ਬਚਾਓ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਇਹ ਬਿਮਾਰੀ ਇੱਕ ਦੂਜੇ ਦੀਆਂ ਸੂਈਆਂ ਸਰਿੰਜਾਂ ਵਰਤਣ ਨਾਲ, ਗਰਭਵਤੀ ਮਾਂ ਤੋਂ ਬੱਚੇ ਨੂੰ, ਦੂ਼ਸ਼ਿਤ ਖੂਨ ਚੜਾਉਣ ਨਾਲ, ਅਸੁਰੱਖਿਅਤ ਸੈਕਸ ਸਬੰਧ ਬਨਾਉਣ ਨਾਲ, ਟੈਟੂ ਬਨਵਾਉਣ ਨਾਲ ਇੱਕ ਮਨੂੱਖ ਤੋਂ ਦੂਸਰੇ ਮਨੂੱਖ ਨੂੰ ਫੈਲਦੀ ਹੈ। ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਬੈਠਣ ਨਾਲ, ਇਕੱਠੇ ਸੌਣ ਨਾਲ, ਚੁੰਮਣ ਨਾਲ, ਇਕੱਠੇ ਖਾਣਾ ਖਾਣ ਆਦਿ ਕਾਰਣਾਂ ਨਾਲ ਨਹੀਂ ਫੈਲਦੀ। ਉਹਨਾਂ ਦੱਸਿਆ ਕਿ ਏਡਜ਼ ਦੇ ਮਰੀਜਾਂ ਨੂੰ ਹੋਰ ਬੀਮਾਰੀਆਂ ਦੇ ਨਾਲ ਨਾਲ ਟੀ.ਬੀ. ਹੋਣ ਦਾ ਖਤਰਾ ਜਿਆਦਾ ਹੁੰਦਾ ਹੈ ।ਇਸ ਮੌਕੇ ਜਸਬੀਰ ਕੌਰ ਡਾਇਰੈਕਟਰ ਆਦੇਸ਼ ਨਰਸਿੰਗ ਕਾਲਜ ਵਲੋਂ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਗਿਆ ਅਤੇ ਏਡਜ ਦੇ ਬਚਾਅ ਸਬੰਧੀ ਵਿਚਾਰ ਪੇਸ਼ ਕੀਤੇ।ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਲਾਲ ਚੰਦ ਜਿਲ਼੍ਹਾ ਹੈਲਥ ਇੰਸਪੈਕਟਰ, ਸਤਨਾਮ ਕੌਰ ਕਾਉਂਸਲਰ, ਸ਼ਿਵਪਾਲ ਸਿੰਘ ਡੀ.ਸੀ.ਐਮ, ਦਵਿੰਦਰ ਕੌਰ, ਰਾਬੀਆ ਅਤੇ ਅਬਰੂਨ ਵਲੋਂ ਏਡਜ਼ ਦੀ ਬੀਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਆਦੇਸ਼ ਨਰਸਿੰਗ ਕਾਲਜ ਦਾ ਸਟਾਫ ਅਤੇ ਸਿਖਆਰਥੀ ਵੀ ਹਾਜ਼ਰ ਸਨ।