ਹੁਸ਼ਿਆਰਪੁਰ ‘ਚ ਛੋਟੇ ਭਰਾ ਨੇ ਕੀਤਾ ਵੱਡੇ ਭਰਾ ਦਾ ਕਤਲ: ਤੇਜ਼ਧਾਰ ਹਥਿਆਰ ਨਾਲ ਵੱਢਿਆ ਗਲਾ
ਸਰਪੰਚ ਨੂੰ ਕੀਤਾ ਫੋਨ, ਘਰ ਦੀਆਂ ਲਾਈਟਾਂ ਬੰਦ ਪਈਆਂ ਮਿਲੀਆਂ
ਚੰਡੀਗੜ੍ਹ 13 ਮਾਰਚ। ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਰਾਮਦਾਸਪੁਰ ‘ਚ ਛੋਟੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਡੇ ਭਰਾ ਦਾ ਬੇ-ਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਮਦਾਸਪੁਰ ਦਾ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਨੇ ਮੰਗਲਵਾਰ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਕਿਸੇ ਨੂੰ ਕਾਤਲ ‘ਤੇ ਸ਼ੱਕ ਨਾ ਹੋਵੇ, ਇਸ ਲਈ ਦੋਸ਼ੀ ਨੇ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ‘ਤੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ‘ਚ ਦਾਖਲ ਹੋਏ ਹਨ। ਜਿਸ ’ਤੇ ਸਰਪੰਚ ਨੇ ਤੁਰੰਤ ਮਾਮਲੇ ਦੀ ਸੂਚਨਾ ਗੜ੍ਹਦੀਵਾਲਾ ਪੁਲੀਸ ਨੂੰ ਦਿੱਤੀ।
ਦੋਵੇਂ ਭਰਾ ਆਪਣੀ ਦਾਦੀ ਕੋਲ ਰਹਿ ਰਹੇ ਸਨ।
ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਰਪੰਚ ਨੂੰ ਘਰ ਲਿਜਾਇਆ ਗਿਆ ਤਾਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਸਨ ਅਤੇ ਘਰ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਪੁਲੀਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਮਨਜੋਤ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਦੋਵੇਂ ਭਰਾ ਮਰਹੂਮ ਨੰਬਰਦਾਰ ਹਰਭਜਨ ਸਿੰਘ ਦੀ ਪਤਨੀ ਆਪਣੀ ਦਾਦੀ ਨਰੰਜਨ ਕੌਰ ਕੋਲ ਰਹਿ ਰਹੇ ਸਨ।
ਕਾਤਲ ਨੂੰ ਲੱਭਣ ਲਈ ਛਾਪਾ ਮਾਰਿਆ।
ਕਤਲ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ, ਐਸਐਚਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਭਰਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



