ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਹਿਰ ਚ ਡਿੱਗੀ,7 ਬੱਚਿਆਂ ਸਣੇ 15 ਲੋਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਥਾਣਾ ਖੇਤਰ ਵਿਚ ਸ਼ਨਿਚਰਵਾਰ ਸਵੇਰੇ ਗੰਗਾ ਇਸ਼ਨਾਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਟਰੈਕਟਰ-ਟਰਾਲੀ ਪਟਿਆਲੀ-ਦਰਿਆਵਗੰਜ ਰੋਡ ‘ਤੇ ਇਕ ਤਲਾਬ ਵਿਚ ਪਲਟ ਗਈ, ਜਿਸ ਵਿਚ ਸੱਤ ਬੱਚੇ ਅਤੇ ਅੱਠ ਔਰਤਾਂ ਸਣੇ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿਤੇ ਹਨ। ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀ) ਸ਼ਲਭ ਮਾਥੁਰ ਨੇ ਦਸਿਆ ਕਿ ਉਹ ਡਿਵੀਜ਼ਨਲ ਕਮਿਸ਼ਨਰ ਦੇ ਨਾਲ ਘਟਨਾ ਸਥਾਨ ‘ਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀ ‘ਤੇ ਸਵਾਰ ਸ਼ਰਧਾਲੂ ਏਟਾ ਦੇ ਜੈਥੜਾ ਤੋਂ ਕਾਸਗੰਜ ਗੰਗਾ ‘ਚ ਇਸ਼ਨਾਨ ਕਰਨ ਲਈ ਜਾ ਰਹੇ ਸਨ ਕਿ ਪਟਿਆਲੀ-ਦਰਿਆਵਗੰਜ ਰੋਡ ‘ਤੇ ਓਵਰਟੇਕ ਕਰਦੇ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਟਰੈਕਟਰ-ਟਰਾਲੀ ਸੱਤ-ਅੱਠ ਫੁੱਟ ਡੂੰਘੇ ਦਲਦਲੀ ਛੱਪੜ ਵਿਚ ਪਲਟ ਗਈ, ਜਿਸ ਕਾਰਨ ਸੱਤ ਬੱਚਿਆਂ ਅਤੇ ਅੱਠ ਔਰਤਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਵਿਚ 15 ਤੋਂ 20 ਦੇ ਕਰੀਬ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਜਾਣਗੀਆਂ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਅਪਣੇ ਸ਼ੋਕ ਸੰਦੇਸ਼ ‘ਚ ਕਿਹਾ, ‘ਕਾਸਗੰਜ ਜ਼ਿਲ੍ਹੇ ‘ਚ ਸੜਕ ਦੌਰਾਨ ਜਾਨੀ ਨੁਕਸਾਨ ਬੇਹੱਦ ਦਿਲ ਦਹਿਲਾ ਦੇਣ ਵਾਲਾ ਹੈ। ਮੇਰੀ ਸੰਵੇਦਨਾ ਦੁਖੀ ਪਰਵਾਰਾਂ ਦੇ ਨਾਲ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਾਰੇ ਜ਼ਖ਼ਮੀਆਂ ਦਾ ਢੁੱਕਵਾਂ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਜ਼ਖਮੀਆਂ ਨੂੰ ਜਲਦ ਸਿਹਤਯਾਬੀ ਬਖ਼ਸ਼ਣ”।

CATEGORIES
Share This

COMMENTS

Wordpress (0)
Disqus (0 )
Translate