ਸ਼ੁਭਕਰਨ ਦੀ ਮੌਤ ਲਈ ਜਿੰਮੇਵਾਰਾਂ ਖਿਲਾਫ ਸੁਨੀਲ ਜਾਖੜ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ। ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੋਲਦਿਆਂ ਉਸ ਦੀ ਮੌਤ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਜਾਖੜ ਨੇ ਕਿਹਾ ਕਿ “ਨੌਜਵਾਨ ਸੁਭਕਰਨ ਸਿੰਘ ਦੀ ਮੌਤ ਬੇਹੱਦ ਦੁਖਦਾਈ ਹੈ। ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਅਤੇ ਸਾਰਾ ਪੰਜਾਬ ਉਸ ਦੇ ਪਰਿਵਾਰ ਨਾਲ ਖੜ੍ਹਾ ਹੈ। ਉਸ ਦੀ ਮੌਤ ਲਈ ਜਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜਰੂਰ ਹੋਣੀ ਚਾਹੀਦੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ।
ਮੈਂ ਅਜਿਹੀ ਦੁਰਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ ਕਿਉਂਕਿ ਅੱਜ ਵੀ ਧਰਨੇ ਵਾਲੀ ਥਾਂ ਤੇ ਸਾਡੇ ਹਜ਼ਾਰਾਂ ਸ਼ੁਭਕਰਨ ਮੌਜੂਦ ਹਨ। ਦੋਵਾਂ ਧਿਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਜਿੰਦਗੀ ਅਨਮੋਲ ਹੈ। ਜਿੱਥੇ ਸਰਕਾਰਾਂ ਅਤੇ ਸੁਰੱਖਿਆ ਬਲਾਂ ਨੂੰ ਸਾਂਤਮਈ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਣ ਲਈ ਸੰਜਮ ਅਤੇ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ, ਉੱਥੇ ਕਿਸਾਨ ਸੰਗਠਨਾਂ ਨੂੰ ਵੀ ਸਾਡੇ ਨੌਜਵਾਨਾਂ ਦੇ ਜਨੂੰਨ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਇਸ ਅੰਦੋਲਨ ਦੇ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਕਿਸੇ ਦੇ ਸੌੜੇ ਸਿਆਸੀ ਇਰਾਦਿਆਂ ਲਈ ਦੁਰਵਰਤੋਂ ਨਾ ਹੋਵੇ। ਸਾਰੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲੇਗਾ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਅੱਗੇ ਵੱਧਣਾ ਚਾਹੀਦਾ ਹੈ”।

CATEGORIES
Share This

COMMENTS

Wordpress (0)
Disqus (0 )
Translate