ਹਰਿਆਣੇ ਦੇ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਲਿਖੀ ਅੱਧੀ ਰਾਤ ਨੂੰ ਚਿੱਠੀ
ਕਿਸਾਨੀ ਮਸਲਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼ੰਬੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਅੱਜ 21 ਫਰਵਰੀ 11 ਵਜੇ ਦਿੱਲੀ ਕੂਚ ਕਰਨਗੇ। ਜਿਸ ਦਾ ਫੈਸਲਾ ਬੀਤੇ ਦਿਨੀ ਕਿਸਾਨਾਂ ਵੱਲੋਂ ਕੇਂਦਰੀ ਮੰਤਰੀਆਂ ਨਾਲ ਚਾਰ ਗੇੜ ਦੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਗਿਆ। ਉਧਰ ਹਰਿਆਣਾ ਪੁਲਿਸ ਵੱਲੋਂ ਵੀ ਕਿਸਾਨਾਂ ਨੂੰ ਬਾਰਡਰਾਂ ਉੱਪਰ ਰੋਕਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਕਿਸਾਨ ਵੀ ਹਰ ਹੀਲੇ ਦਿੱਲੀ ਵੱਲ ਕੂਚ ਕਰਨ ਲਈ ਤਿਆਰ ਬਰ ਤਿਆਰ ਹਨ। 20 ਫਰਵਰੀ ਦੀ ਅੱਧੀ ਰਾਤ ਨੂੰ ਹਰਿਆਣੇ ਦੇ ਡੀਜੀਪੀ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖਿਆ ਗਿਆ। ਜਿਸ ਵਿੱਚ ਉਹਨਾਂ ਪੰਜਾਬ ਦੇ ਡੀਜੀਪੀ ਨੂੰ ਕਿਹਾ ਕਿ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਪੋਕਲੇਨ, ਜੇਸੀਬੀ ਮਸ਼ੀਨਾਂ ਸਮੇਤ ਮਸ਼ੀਨਰੀ ਨੂੰ ਤੁਰੰਤ ਕਬਜ਼ੇ ਵਿੱਚ ਲੈਣ ਤੇ ਉਹਨਾਂ ਨੂੰ ਬਾਰਡਰ ਤੋਂ ਹਟਾਉਣ। ਇਸ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਨੂੰ ਇਕ ਕਿਲੋਮੀਟਰ ਪਿੱਛੇ ਰੱਖਿਆ ਜਾਵੇ,ਨਾਲ ਦੀ ਨਾਲ ਉਹਨਾਂ ਪੱਤਰਕਾਰਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਵੀ ਬਾਰਡਰ ਤੋਂ ਇੱਕ ਦੋ ਕਿਲੋਮੀਟਰ ਪਿੱਛੇ ਰੱਖਣ ਦੀ ਅਪੀਲ ਕੀਤੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਹਰਿਆਣਾ ਪੁਲਿਸ ਦੇ ਸਖਤ ਪ੍ਰਬੰਧਾਂ ਦੇ ਵਿੱਚੋਂ ਪੰਜਾਬ ਦੇ ਬਾਰਡਰਾਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਿਵੇਂ ਕਰਨਗੇ। 11 ਫਰਵਰੀ ਤੋਂ ਕਿਸਾਨਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਦਿਨ ਰਾਤ ਜਾਰੀ ਹੈ।
ਕਿਸਾਨ ਐਮਐਸਪੀ ਕਰਜ਼ਾ ਮੁਕਤੀ ਸਮੇਤ ਆਪਣੀਆਂ ਮੰਗਾਂ ਤੇ ਅੜੇ ਹੋਏ ਹਨ ਤੇ ਕੇਂਦਰ ਸਰਕਾਰ ਹਾਲੇ ਤੱਕ ਕਿਸਾਨੀ ਮਸਲਿਆਂ ਤੇ ਉਸ ਗੰਭੀਰਤਾ ਨਾਲ ਨਹੀਂ ਸੋਚ ਰਹੀ ਜਿਸ ਸਬੰਧੀ ਕਿਸਾਨ ਮੰਗ ਕਰ ਰਹੇ ਹਨ। ਉਧਰ ਪੰਜਾਬ ਦੇ ਨਾਲ ਹਰਿਆਣਾ ਦੇ ਕਿਸਾਨ ਵੀ ਸ਼ੰਬੂ ਤੇ ਖਨੌਰੀ ਬਾਰਡਰਾਂ ਉੱਪਰ ਰਾਹ ਦੀਆਂ ਰੋਕਾਂ ਪਾਸੇ ਕਰਕੇ ਦਿੱਲੀ ਜਾਣ ਲਈ ਪੂਰੀ ਤਿਆਰੀ ਕਰੀ ਬੈਠੇ ਹਨ।