ਤਿੰਨ ਮੈਂਬਰੀ ਟੀਮ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਜਾਇਜ਼ਾ
ਬਰਨਾਲਾ, 22 ਨਵੰਬਰ
ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਅੱਜ ਬਰਨਾਲਾ ’ਚ ਤਿੰਨ ਮੈਂਬਰੀ ਸੂਬਾਈ ਟੀਮ ਪੁੱਜੀ। ਇਸ ਤਿੰਨ ਮੈਂਬਰੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਸ ਵਾਰ ਪਰਾਲੀ ਪ੍ਰਬੰਧਨ ਵਾਸਤੇ ਗੱਠਾਂ ਬਣਾਉਣ ਲਈ ਵੱਡੀ ਗਿਣਤੀ ਬੇਲਰ ਮੁਹੱਈਆ ਕਰਾਏ ਗਏ ਹਨ ਤੇ ਮਾਨਸਾ ਰੋਡ ’ਤੇ ਟ੍ਰਾਈਡੈਂਟ ਆਈਓਐਲ ਨੇੜੇ ਪਰਾਲੀ ਡੰਪ ਬਣਾਇਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਟੀਮ ਮੈਂਬਰ ਤੇ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਕੰਸਲਟੈਂਟ ਰਿਤਵਿਕਾ ਰਿਤੂਪਰਨਾ, ਪ੍ਰੱਗਿਆ ਸ਼ਰਮਾ, ਪ੍ਰਾਂਜਲ ਵੱਲੋਂ ਸਬਸਿਡੀ ਵਾਲੀ ਮਸ਼ੀਨਰੀ ਦੀ ਵਰਤੋਂ, ਝੋਨੇ ਦੀ ਪੀਆਰ 126 ਕਿਸਮ ਦੇ ਝਾੜ ਤੇ ਖੇਤੀ ਜਾਗਰੂਕਤਾ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਮਗਰੋਂ ਟੀਮ ਵੱਲੋਂ ਜਵੰਧਾ ਕੁਦਰਤੀ ਖੇਤੀ ਫਾਰਮ ਬਡਬਰ ਅਤੇ ਮਾਨਸਾ ਰੋਡ ਸਥਿਤੀ ਪਰਾਲੀ ਡੰਪ ਦਾ ਦੌਰਾ ਕੀਤਾ ਗਿਆ। ਇਸ ਡੰਪ ਵਿਖੇ ਸਟੋਰ 3300 ਮੀਟ੍ਰਿਕ ਟਨ ਦੇ ਕਰੀਬ ਪਰਾਲੀ ਕੈਥਲ (ਹਰਿਆਣਾ) ਵਿਖੇ ਭੇਜੀ ਜਾਵੇਗੀ। ਇਸ ਉਪਰਾਲੇ ਦੀ ਟੀਮ ਵੱਲੋਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਐਸਡੀਐਮ ਸ. ਗੋਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਡਾ. ਵਰਿੰਦਰ ਸ਼ਰਮਾ ਤੇ ਏਆਰ ਸਹਿਕਾਰੀ ਸਭਾਵਾਂ ਹਰਮੀਤ ਸਿੰਘ ਤੇ ਖੇਤੀਬਾੜੀ ਵਿਭਾਗ ਤੋਂ ਹੋਰ ਅਧਿਕਾਰੀ ਹਾਜ਼ਰ ਸਨ।