ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ
ਮੋਗਾ, 22 ਨਵੰਬਰ-
ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣਾਉਣ ਦੇ ਮੰਤਵ ਨਾਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਮੁਫ਼ਤ ਕੋਚਿੰਗ ਸ਼ੁਰੂ ਕਰਵਾਈ ਗਈ ਹੈ। ਇਹ ਪ੍ਰਵੇਸ਼ ਪ੍ਰੀਖਿਆ 15 ਜਨਵਰੀ 2023 ਨੂੰ ਹੋਵੇਗੀ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ 40 ਯੋਗ ਪ੍ਰਾਰਥੀਆਂ ਵੱਲੋਂ ਇਹ ਕੋਚਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹ ਕੋਚਿੰਗ ਵੱਖ-ਵੱਖ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਦਿੱਤੀ ਜਾ ਰਹੀ ਹੈ। ਜਿਸ ਲਈ ਇਹ ਬੱਚੇ ਰੋਜ਼ਾਨਾ 2 ਘੰਟੇ ਕਲਾਸ ਲਗਾ ਰਹੇ ਹਨ। ਕੋਚਿੰਗ ਦੌਰਾਨ ਬੱਚਿਆਂ ਨੂੰ ਇਕਾਂਤ ਅਤੇ ਸ਼ਾਂਤ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਹ ਮੁਫ਼ਤ ਕੋਚਿੰਗ ਕਲਾਸਾਂ ਲਈ ਹਾਲੇ ਵੀ ਰਜਿਸਟ੍ਰੇਸ਼ਨ ਚੱਲ ਰਹੀ ਹੈ, ਚਾਹਵਾਨ ਲੜਕੇ ਬਿਊਰੋ ਦੇ ਲਿੰਕ http://tinyurl.com/apfimrs ਉੱਪਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਝਨਾਬ ਬਿਲਡਿੰਗ ਵਿੱਚ ਸਥਿਤ ਰੋਜ਼ਗਾਰ ਦਫ਼ਤਰ ਵਿਖੇ ਮੁਹੱਈਆ ਕਰਵਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਜੇਕਰ ਕੋਚਿੰਗ ਲੈ ਰਹੇ ਬੱਚਿਆਂ ਦੀ ਚੋਣ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਹੋ ਜਾਂਦੀ ਹੈ ਤਾਂ ਇਹਨਾਂ ਬੱਚਿਆਂ ਦਾ ਦੇਸ਼ ਦੀਆਂ ਸਰਬੋਤਮ ਸੁਰੱਖਿਆ ਫੌਜਾਂ ਦਾ ਹਿੱਸਾ ਬਣਨਾ ਤੈਅ ਹੈ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਨੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੁਫ਼ਤ ਕੋਚਿੰਗ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣ ਕੇ ਰੋਜ਼ਗਾਰ ਦੇ ਯੋਗ ਬਣਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ 62392-66860 ਉੱਪਰ ਕਾਲ ਵੀ ਕੀਤੀ ਜਾ ਸਕਦੀ ਹੈ।