ਹੁਣ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਦਿੱਤਾ ਜਾਵੇਗਾ ਕਿੰਨੂੰ

ਚੰਡੀਗੜ੍ਹ 8 ਫ਼ਰਵਰੀ (ਜਗਜੀਤ ਸਿੰਘ ਧਾਲੀਵਾਲ) ਪੰਜਾਬ ਦੇ ਬਾਗਬਾਨਾਂ ਲਈ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦੇ ਭੋਜਨ (ਮਿਡ ਡੇ ਮੀਲ) ਨਾਲ ਪੰਜਾਬ ਦੇ ਮੌਸਮੀ ਫਲ ਦਿੱਤੇ ਜਾਣਗੇ। ਅਬੋਹਰ ਇਲਾਕੇ ਦੇ ਬਾਗਬਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਪਿਛਲੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਮਿਡ ਡੇ ਮੀਲ ਵਿੱਚ ਕਿਨੂੰ ਦਿੱਤਾ ਜਾਵੇ। ਜਦੋਂ ਕਿ 1 ਜਨਵਰੀ ਤੋਂ ਸਿਰਫ ਕੇਲਾ ਹੀ ਮਿਡ ਡੇ ਮੀਲ ਵਿੱਚ ਦਿੱਤਾ ਜਾ ਰਿਹਾ ਸੀ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਾਗਬਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਕੱਲ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦੇ ਭੋਜਨ ਨਾਲ ਸਕੂਲ ਮੁਖੀ ਕੋਈ ਵੀ ਮੌਸਮੀ ਫਲ ਦੇ ਸਕਦਾ ਹੈ। ਇਹ ਖਬਰ ਪੰਜਾਬ ਦੇ ਕਿੰਨੂ ਕਾਸ਼ਤਕਾਰਾਂ ਲਈ ਬੜੀ ਅਹਿਮ ਹੈ। ਕਿਉਂਕਿ ਇਸ ਸਾਲ ਕਿੰਨੂੰ ਦੇ ਭਾਅ ਪੂਰੇ ਨਾ ਮਿਲਣ ਕਾਰਨ ਬਾਗਬਾਨਾਂ ਵਿੱਚ ਨਾਖੁਸ਼ੀ ਪਾਈ ਜਾ ਰਹੀ ਸੀ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ। 12 ਫਰਵਰੀ ਤੋਂ ਕਿੰਨੂੰ ਬੱਚਿਆਂ ਨੂੰ ਖਾਣ ਲਈ ਸਕੂਲਾਂ ਵਿਚ ਮਿਲੇਗਾ। ਉਧਰ ਸਿੱਖਿਆ ਵਿਭਾਗ ਵੱਲੋਂ ਅਜਿਹੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ਕਿ ਜਿਹੜੇ ਮੌਸਮ ਵਿੱਚ ਜਿਹੜਾ ਫਲ ਪੰਜਾਬ ਵਿੱਚ ਜਿਹੜੇ ਇਲਾਕੇ ਚ ਹੋਵੇਗਾ ਉੱਥੇ ਉਨੇ ਸਮੇਂ ਦੌਰਾਨ ਉਹੀ ਫਲ ਬੱਚਿਆਂ ਨੂੰ ਦਿੱਤੇ ਜਾਣ। ਦੱਸਣ ਯੋਗ ਹੈ ਕਿ ਕਿੰਨੂ ਵਿੱਚ ਵਿਟਾਮਿਨ ਸੀ ਸਮੇਤ ਅਜਿਹੇ ਬੜੇ ਪੌਸਟਿਕ ਤੱਤ ਹਨ ਜੋ ਬਿਮਾਰੀਆਂ ਨਾਲ ਲੜਨ ਲਈ ਸਮਰੱਥ ਹੁੰਦੇ ਹਨ। ਸਰਕਾਰ ਦੇ ਇਸ ਫੈਸਲੇ ਤੇ ਖੁਸ਼ੀ ਪ੍ਰਗਟ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਝੋਰੜਖੇੜਾ ਗੁਣਵੰਤ ਸਿੰਘ ਪੰਜਾਵਾ ਅਜੇ ਵਧਵਾ ਸੁਖਮੰਦਰ ਸਿੰਘ ਝੋਰੜਖੇੜਾ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਮੰਗ ਨੂੰ ਬੂਰ ਪਿਆ ਹੈ ਤੇ ਹੁਣ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਸਰਕਾਰੀ ਤੌਰ ਤੇ ਕਿੰਨੂੰ ਖਾਣ ਲਈ ਮਿਲੇਗਾ।

CATEGORIES
Share This

COMMENTS

Wordpress (0)
Disqus (0 )
Translate