ਸ਼ਾਹੀ ਪਟਵਾਰੀ ! ਰਿਸ਼ਵਤ ਵਜੋਂ 3 ਲੱਖ ਦੀਆਂ ਜੁੱਤੀਆਂ,ਸਾਢੇ 3 ਲੱਖ ਦੇ ਫੋਨ ਤੇ 27.50 ਲੱਖ ਲਿਆ ਨਗਦ ਪਰ ਕੰਮ ਫਿਰ ਵੀ ਨਹੀਂ ਕੀਤਾ
ਲੁਧਿਆਣਾ ਤੋਂ ਅਨੋਖੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇੱਕ ਮਾਲ ਪਟਵਾਰੀ ਵੱਲੋਂ ਰਿਸ਼ਵਤ ਦੇ ਤਹਿਤ ਕਰੀਬ 3 ਲੱਖ ਰੁਪਏ ਦੀਆਂ ਪਾਕਿਸਤਾਨੀ ਜੁੱਤੀਆਂ ਸ਼ਿਕਾਇਤਕਰਤਾ ਤੋਂ ਲਈਆਂ ਗਈਆਂ ਸਨ।
ਗੁਰਵਿੰਦਰ ਸਿੰਘ ਪਟਵਾਰੀ ਖਿਲਾਫ ਰਾਮਪੁਰਾ ਫੂਲ ਦੇ ਬੱਬੂ ਤਵਰ ਨੇ ਸਬੂਤਾਂ ਸਮੇਤ ਕੀਤੀ ਸ਼ਿਕਾਇਤ ਵਿੱਚ ਉਸਨੇ ਕਿਹਾ ਕਿ ਉਸਨੇ ਜਿੱਥੇ ਪਟਵਾਰੀ ਨੂੰ ਸਢੇ 27 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਉੱਥੇ ਉਸਨੇ ਕਰੀਬ 3 ਲੱਖ ਰੁਪਏ ਦੀਆਂ ਪਾਕਿਸਤਾਨੀ ਮਹਿੰਗੀਆਂ ਜੁੱਤੀਆਂ ਦੇ 18 ਜੋੜੇ ਵੀ ਦਿੱਤੇ। ਇਸ ਤੋਂ ਇਲਾਵਾ ਕਰੀਬ 3.50 ਲੱਖ ਰੁਪਏ ਦੇ ਆਈਫੋਨ ਵੀ ਦਿੱਤੇ ਗਏ। ਪਰ ਫਿਰ ਵੀ ਉਹਨਾਂ ਦਾ ਕੰਮ ਨਹੀਂ ਹੋਇਆ। ਜਦੋਂ ਉਹ ਜੁੱਤੀ ਦਾ ਡਿਜ਼ਾਇਨ ਫਾਈਨਲ ਕਰਕੇ ਭੇਜਦਾ ਸੀ ਤਾਂ ਉਸ ਤੋਂ ਬਾਅਦ ਹੀ ਸ਼ਿਕਾਇਤ ਕਰਤਾ ਉਸ ਨੂੰ ਜੁੱਤੀ ਦੇ ਕੇ ਆਉਂਦਾ ਸੀ। ਸ਼ਿਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਪਟਵਾਰੀ ਗੁਰਵਿੰਦਰ ਸਿੰਘ ਪਾਕਿਸਤਾਨੀ ਜੁਤੀਆਂ ਦਾ ਸ਼ੌਕੀਨ ਸੀ।
ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਤੰਵਰ ਦੇ ਦੋ ਫੁੱਟਵੇਅਰ ਸ਼ੋਅਰੂਮ ਹਨ, ਜਿਥੇ ਉਹ ਹੱਥੀਂ ਤਿਆਰ ਪਾਕਿਸਤਾਨੀ ਜੁੱਤੀਆਂ ਵੀ ਰੱਖਦਾ ਹੈ। ਸ਼ਿਕਾਇਤਕਰਤਾ ਨੇ ਵਟਸਐਪ ਚੈਟ ਰਿਕਾਰਡ ਜਮ੍ਹਾਂ ਕਰਵਾਏ ਹਨ।
ਵਿਜੀਲੈਂਸ ਨੇ ਲੁਧਿਆਣਾ ਦੇ ਪੀਰੂਬੰਦਾ ਵਿਖੇ ਤਾਇਨਾਤ ਪਟਵਾਰੀ ਗੁਰਵਿੰਦਰ ਸਿੰਘ, ਉਸ ਦੇ ਪਿਤਾ ਪਰਮਜੀਤ ਸਿੰਘ,ਭਰਾ ਬਲਵਿੰਦਰ ਸਿੰਘ ਅਤੇ ਇਕ ਨਿੱਜੀ ਏਜੰਟ ਨਿੱਕੂ ਖ਼ਿਲਾਫ਼ ਤੰਵਰ ਤੋਂ 34.70 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਇਸ ਰਕਮ ਵਿਚੋਂ 27.50 ਲੱਖ ਰੁਪਏ ਨਕਦ ਸਨ ਅਤੇ ਬਾਕੀ 3.40 ਲੱਖ ਰੁਪਏ ਨਵੇਂ ਆਈਫੋਨ, 3 ਲੱਖ ਰੁਪਏ ਦੀਆਂ ਜੁੱਤੀਆਂ ਅਤੇ ਹੋਰ ਚੀਜ਼ਾਂ ਖਰੀਦਣ ਲਈ ਲਏ ਸਨ। ਤੰਵਰ ਨੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ‘ਤੇ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਲੁਧਿਆਣਾ ‘ਚ ਉਸ ਦੇ ਪਿਤਾ ਦੀ ਜ਼ਮੀਨ ਦੇ ਇੰਤਕਾਲ ਨੂੰ ਮਨਜ਼ੂਰੀ ਦੇਣ ਬਦਲੇ ਘੱਟੋ-ਘੱਟ 30 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਪਰ 27.50 ਲੱਖ ਰੁਪਏ ਨਕਦ ਅਤੇ ਹੋਰ ਰਿਸ਼ਵਤ ਦੇਣ ਦੇ ਬਾਵਜੂਦ ਵੀ ਕੰਮ ਨਹੀਂ ਕੀਤਾ ਗਿਆ। ਪਟਵਾਰੀ ‘ਤੇ ਪਿਛਲੇ ਸਾਲ ਨਵੰਬਰ ‘ਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਹ ਅਪਣੇ ਨਿੱਜੀ ਏਜੰਟ ਨਿੱਕੂ ਨਾਲ ਫਰਾਰ ਹੈ, ਹਾਲਾਂਕਿ ਸਥਾਨਕ ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿਤੀਆਂ ਸਨ।