ਪਿਓ ਪੁੱਤ ਨੂੰ ਸਿੱਧੂ ਦੀ ਰੈਲੀ ਕਰਾਉਣੀ ਪਈ ਮਹਿੰਗੀ,ਪਾਰਟੀ ਚੋਂ ਕੱਢਿਆ
ਪੰਜਾਬ ਕਾਂਗਰਸ ਵਿੱਚ ਘਮਾਸਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੀ ਬੀਨ ਵਜਾਏ ਜਾਣ ਨੂੰ ਲੈ ਕੇ ਸਾਰੇ ਕਾਂਗਰਸੀ ਔਖੇ ਹਨ ਪਰ ਬੋਲਣ ਤੋਂ ਵੀ ਸਾਰੇ ਡਰਦੇ ਨੇ। ਪਿਛਲੇ ਦਿਨੀਂ ਮੋਗੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਵਾਉਣੀ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਸ ਦੇ ਪੁੱਤਰ ਧਰਮਪਾਲ ਨੂੰ ਮਹਿੰਗੀ ਪੈ ਗਈ। ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ ਹਨ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਸਦੇ ਪੁੱਤਰ ਧਰਮਪਾਲ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਤੇ ਉਹਨਾਂ ਦੀ ਮੁਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ। ਉਧਰ ਧਰਮਪਾਲ ਨੇ ਕਿਹਾ ਕਿ ਜੇਕਰ ਕਾਰਵਾਈ ਕਰਨੀ ਸੀ ਤਾਂ ਜਿਨਾਂ ਦੀ ਰੈਲੀ ਸੀ ਉਹਨਾਂ ਖਿਲਾਫ ਹੋਣੀ ਚਾਹੀਦੀ ਸੀ। ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਭ ਤੋਂ ਸੀਨੀਅਰ ਆਗੂ ਲਾਲ ਸਿੰਘ ਪਹੁੰਚੇ ਸਨ। ਅਸੀਂ ਤਾਂ ਕਾਂਗਰਸ ਦੇ ਇਨਾਂ ਲੀਡਰਾਂ ਦੀ ਰੈਲੀ ਦਾ ਪ੍ਰਬੰਧ ਕੀਤਾ ਸੀ। ਉਧਰ ਨਵਜੋਤ ਸਿੰਘ ਸਿੱਧੂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਹੱਕ ਵਿੱਚ ਡਟੇ ਹੋਏ ਹਨ। ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੂ ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਕਿਹੜੇ ਪਾਸੇ ਮੁੜਦੀ ਹੈ। ਨਵਜੋਤ ਸਿੱਧੂ ਦੇ ਬੋਲ ਬਾਲੇ ਨੂੰ ਸਾਰਿਆਂ ਨੇ ਵੇਖ ਲਿਆ ਹੈ ਬੇਸ਼ੱਕ ਪੰਜਾਬ ਕਾਂਗਰਸ ਦੇ ਲੀਡਰ ਉਹਦੇ ਤੇ ਔਖੇ ਹਨ ਪਰ ਫਿਰ ਵੀ ਪਾਰਟੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਚੋਣਾਂ ਲਈ ਬਣਾਈ ਗਈ ਪੰਜਾਬ ਚੋਣ ਕਮੇਟੀ ਵਿੱਚ ਸ਼ਾਮਿਲ ਕਰਕੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ।





