ਸੜਕ ਕਿਨਾਰੇ ਰਾਹਗੀਰ ਦੀ ਮਦਦ ਲਈ ਰੁਕੇ ਵਿਅਕਤੀ ਦੀ ਪਤਨੀ ਤੇ ਬੇਟੇ ਨੂੰ ਘੜੁਕੇ ਨੇ ਦਰੜਿਆ,ਹੋਈ ਮੌਤ
ਅਬੋਹਰ ਨੇੜੇ ਇੱਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਵਿਅਕਤੀ ਸੜਕ ਤੇ ਜਖਮੀ ਹੋਏ ਦੂਜੇ ਵਿਅਕਤੀ ਦਾ ਹਾਲ ਜਾਣਕੇ ਉਸਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੀ ਪਤਨੀ ਨਾਲ ਆਪਣੇ ਬੇਟੇ ਨੂੰ ਦਵਾਈ ਦਵਾਉਣ ਜਾ ਰਹੇ ਇਸ ਵਿਅਕਤੀ ਨੂੰ ਨਹੀਂ ਪਤਾ ਸੀ ਕਿ ਰਸਤੇ ਵਿੱਚ ਉਸ ਦੀ ਪਤਨੀ ਤੇ ਬੇਟੇ ਦੀ ਮੌਤ ਹੋ ਜਾਣੀ ਹੈ। ਜਾਣਕਾਰੀ ਅਨੁਸਾਰ ਸ਼ੇਰਾਂ ਵਾਲੀ ਨਿਵਾਸੀ ਮਲਕੀਤ ਸਿੰਘ ਪੁੱਤਰ ਕੁਲਵੰਤ ਸਿੰਘ ਆਪਣੀ ਪਤਨੀ ਦੀਪੂ ਨਾਲ ਆਪਣੇ ਬੇਟੇ ਅਵੀਜੋਤ ਨੂੰ ਦਵਾਈ ਦਵਾਉਣ ਲਈ ਪਿੰਡ ਤੋਂ ਖੁੱਬਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੜਕ ਕਿਨਾਰੇ ਇਹਨਾਂ ਨੇ ਵੇਖਿਆ ਕਿ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਜਖਮੀ ਹੋਇਆ ਪਿਆ ਹੈ। ਜਦੋਂ ਮਲਕੀਤ ਸਿੰਘ ਨੇ ਉਸ ਨੂੰ ਵੇਖਣ ਲਈ ਆਪਣੀ ਪਤਨੀ ਨੂੰ ਬੈਟਰੀ ਜਗਾ ਕੇ ਖੜਨ ਲਈ ਕਿਹਾ ਤਾਂ ਉਸੇ ਦੌਰਾਨ ਬਿਨਾਂ ਲਾਈਟਾਂ ਤੋਂ ਰੋਂਗ ਸਾਈਡ ਆ ਰਹੇ ਇੱਕ ਘੁੜੂਕੇ ਵਾਲੇ ਨੇ ਘੜੂਕਾ ਉਸ ਦੀ ਪਤਨੀ ਵਿੱਚ ਜਾ ਵੱਜਿਆ ਤੇ ਉਸ ਦੀ ਪਤਨੀ ਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ। ਇੱਕ ਵਿਅਕਤੀ ਦੀ ਮਦਦ ਕਰਨ ਲਈ ਰੁਕੇ ਮਲਕੀਤ ਸਿੰਘ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਵੱਲੋਂ ਅਗਿਆਤ ਘੜੁੱਕਾ ਚਾਲਕ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਉਧਰ ਇਸ ਘਟਨਾ ਨੂੰ ਲੈ ਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।



