ਫਾਜਿ਼ਲਕਾ ਜਿ਼ਲ੍ਹੇ ਦੇ ਨੌਜਵਾਨ ਰਾਮਚੰਦਰ ਨੂੰ ਮਿਲਿਆ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਤੋਂ ਸਰਟੀਫਿਕੇਟ
ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕਰਕੇ 350 ਫੁੱਟ ਲੰਬਾ ਤਿਰੰਗਾ ਲਹਿਰਾਇਆ ਸੀ ਰਾਮ ਚੰਦਰ ਨੇ
ਫਾਜਿਲ਼ਕਾ, 4 ਦਸੰਬਰ। ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਸਾਹਸੀ ਨੌਜਵਾਨ ਜਿਸਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਸੀ, ਨੂੰ ਹੁਣ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਤੋਂ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਨੌਜਵਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਇਹ ਸਰਟੀਫਿਕੇਟ ਉਸਨੂੰ ਭੇਂਟ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰਾਂ ਦੇ ਸਾਹਸੀ ਨੌਜਵਾਨਾਂ ਦੇ ਕਾਰਨਾਮੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਬਣਦੇ ਹਨ। ਦੱਸਣਯੋਗ ਹੈ ਕਿ ਇਸ ਚੋਟੀ ਦੀ ਉੱਚਾਈ 5895 ਮੀਟਰ ਹੈ ਤੇ ਰਾਮਚੰਦਰ ਨੇ ਮੱਧ ਪ੍ਰਦੇਸ਼ ਦੇ ਇਕ ਹੋਰ ਸਾਥੀ ਨਾਲ ਮਿਲ ਕੇ ਇਸ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਇਸ ਚੋਟੀ ਨੂੰ ਸਰ ਕਰਕੇ ਇੱਥੇ 350 ਫੁੱਟ ਲੰਬਾ ਤਿਰੰਗਾ ਲਹਿਰਾਇਆ ਸੀ। ਉਹ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਅਭਿਆਨ ਸਫਲਤਾ ਨਾਲ ਪੂਰੇ ਕਰ ਚੁੱਕਾ ਹੈ।
ਮਾਇਨਸ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਤੁਫਾਨ ਦੌਰਾਨ ਵੀ ਰਾਮਚੰਦਰ ਨੇ ਆਪਣਾ ਹੌਂਸਲਾ ਨਹੀਂ ਡਿੱਗਣ ਦਿੱਤਾ ਭਾਵੇਂ ਕਿ ਠੰਡ ਕਾਰਨ ਉਸਨੂੰ ਉਲਟੀਆਂ ਲੱਗ ਗਈਆਂ ਪਰ ਉਸਨੇ ਹੌਂਸਲੇ ਨਾਲ ਆਪਣਾ ਅਭਿਆਨ ਜਾਰੀ ਰੱਖਿਆ ਅਤੇ 26 ਜਨਵਰੀ 2023 ਦੇ ਸਵੇਰ 9:30 ਵਜੋਂ ਉੁਸ ਨੇ 19341 ਫੁੱਟ ਉੱਚੀ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਸਰ ਕਰ ਲਈ ਸੀ।