ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ 18 ਸਾਲਾਂ ਬਾਅਦ ਇਕਲੌਤੇ ਮੁੰਡੇ ਦਾ ਕੀਤਾ ਕ+ਤਲ, 10 ਨੂੰ ਮੁੰਡੇ ਨੇ ਜਾਣਾ ਸੀ ਕੈਨੇਡਾ
ਸ੍ਰੀ ਮੁਕਤਸਰ ਸਾਹਿਬ 2 ਦਸੰਬਰ।ਮਲੋਟ ਨੇੜਲੇ ਪਿੰਡ ਧੌਲਾ ਵਿਖੇ ਵੀਰਵਾਰ ਸਵੇਰੇ ਪਿਓ ਤੇ ਚਾਚੇ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਗਏ 19 ਸਾਲਾ ਨੌਜਵਾਨ ਦੀ ਅੱਜ ਤੜਕੇ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨ ਤੇ ਪਿਓ ਅਤੇ ਚਾਚੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਲਾਡਾਂ ਨਾਲ ਪਾਲ਼ੇ ਇਸ ਇਕਲੌਤੇ ਪੁੱਤ ਤੇ ਪਿਤਾ ਨੂੰ ਸ਼ੱਕ ਸੀ ਕਿ ਮ੍ਰਿਤਕ ਉਸਦੀ ਔਲਾਦ ਨਹੀਂ, ਜਿਸ ਕਰਕੇ ਉਸ ਨੇ 20 ਸਾਲਾਂ ਬਾਅਦ ਭਰਾ ਨਾਲ ਮਿਲ ਕੇ ਇਸ ਘਟਨਾ ਨੂੰ ਦਿੱਤਾ।
ਜਾਣਕਾਰੀ ਅਨੁਸਾਰ ਮਨਜੋਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਧੌਲਾ ਨੂੰ ਉਸ ਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ ਸਿੰਘ ਨੇ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਸੁੱਤਾ ਪਿਆ ਹੋਇਆ ਸੀ ਨੌਜਵਾਨ ਦੀ ਅੱਖ ਖੁੱਲ੍ਹੀ ਤਾਂ ਵੇਖਿਆ ਕਿ ਉਸ ਦਾ ਪਿਓ ਅਤੇ ਚਾਚਾ ਉਸ ’ਤੇ ਬੰਦੂਕ ਤਾਣੀ ਖੜ੍ਹੇ ਸੀ। ਨੌਜਵਾਨ ਵੱਲੋਂ ਪਿਤਾ ਨੂੰ ਸਮਝਾਉਣ ’ਤੇ ਵੀ ਉਸ ਨੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਕਰਕੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੁੰਡੇ ਦੇ ਗੋਲੀਆਂ ਵੱਜਣ ਕਰਕੇ ਉਸਦਾ ਸਾਰਾ ਪੇਟ ਛੱਲਣੀ ਹੋ ਗਿਆ ਅਤੇ ਗੋਲ਼ੀ ਚਲਾਉਣ ਤੋਂ ਪਹਿਲਾਂ ਉਸਦੇ ਚਾਚੇ ਰੇਸ਼ਮ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੇਟ ’ਤੇ ਵੀ ਵਾਰ ਕੀਤਾ ਸੀ। ਮ੍ਰਿਤਕ ਦੀ ਲਾਸ਼ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਜਿਥੇ ਡਾਕਟਰਾਂ ਦਾ ਬੋਰਡ ਪੋਸਟਮਾਰਟਮ ਕਰੇਗਾ।
ਇਸ ਸਬੰਧੀ ਥਾਣਾ ਲੰਬੀ ਦੇ ਮੁੱਖ ਅਫ਼ਸਰ ਰਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਮਨਜੋਤ ਸਿੰਘ ਦੀ ਮਾਤਾ ਪੁਸ਼ਪਿੰਦਰ ਕੌਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਿਤਾ ਸ਼ਿਵਰਾਜ ਸਿੰਘ ਅਤੇ ਚਾਚੇ ਰੇਸ਼ਮ ਸਿੰਘ ਪੁਤਰਾਨ ਨਾਇਬ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਕਤਲ ਦਾ ਕਾਰਨ ਮ੍ਰਿਤਕ ਦੇ ਪਿਤਾ ਨੂੰ ਸ਼ੱਕ ਸੀ ਕਿ ਮਨਜੋਤ ਸਿੰਘ ਉਸਦਾ ਵੰਸ਼ ਨਹੀਂ ਹੈ, ਜਿਸ ਕਰਕੇ ਉਸਨੇ 20 ਸਾਲ ਇਹ ਰਾਜ਼ ਦਿਲ ਵਿਚ ਰੱਖਿਆ ਅਤੇ ਇਸ ਮਾਮਲੇ ਦਾ ਅੰਤ ਇਨਾਂ ਦਰਦਨਾਕ ਹੋਇਆ, ਜਿਸ ਦਾ ਕਿਸੇ ਨੇ ਸੁਫਨੇ ਵਿਚ ਵੀ ਨਹੀਂ ਸੋਚਿਆ ਸੀ। ਮ੍ਰਿਤਕ ਮਨਜੋਤ ਸਿੰਘ ਮਾਂ-ਬਾਪ ਦਾ ਇਕਲੌਤਾ ਬੱਚਾ ਸੀ ਅਤੇ 10 ਦਸੰਬਰ ਨੂੰ ਉਸ ਦੀ ਕਨੈਡਾ ਫਲਾਈਟ ਸੀ।



